ਫਰਜ਼ੀ ਹੁਕਮਾਂ ਨਾਲ ਪਿਆ ਭੰਬਲਭੂਸਾ

0
32

ਚੰਡੀਗੜ੍ਹ : 57 ਕਲਰਕ-ਕਮ-ਡਾਟਾ ਐਂਟਰੀ ਅਪਰੇਟਰਾਂ ਅਤੇ ਸੇਵਾਦਾਰਾਂ ਦੀਆਂ ਅਸਥਾਈ ਤੌਰ ’ਤੇ ਬਦਲੀਆਂ ਸੰਬੰਧੀ ਤਬਾਦਲੇ ਦੇ ਫਰਜ਼ੀ ਹੁਕਮ ਕਾਰਨ ਸਕੂਲ ਸਿੱਖਿਆ ਵਿਭਾਗ ਵਿੱਚ ਭੰਬਲਭੂਸਾ ਪੈਦਾ ਹੋ ਗਿਆ। ਇਹ ਹੁਕਮ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਕਾਰਨ ਅਧਿਕਾਰੀਆਂ ਵਿੱਚ ਹਫੜਾ-ਦਫੜੀ ਮਚ ਗਈ। ਇਨ੍ਹਾਂ ਹੁਕਮਾਂ ਨੂੰ ਸੱਚ ਹਦਾਇਤਾਂ ਮੰਨਦਿਆਂ ਕਈ ਜ਼ਿਲ੍ਹਾ ਸਿੱਖਿਆ ਅਫਸਰਾਂ (ਡੀ ਈ ਓ) ਨੇ ਤਬਾਦਲਿਆਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾਅਲੀ ਹਦਾਇਤਾਂ ਅਨੁਸਾਰ ਮੁਲਾਜ਼ਮਾਂ ਦੀਆਂ ਬਦਲੀਆਂ ਕਰ ਦਿੱਤੀਆਂ। ਨੋਟਿਸ ਵਿੱਚ ਆਉਣ ’ਤੇ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਸਾਰੇ ਡੀ ਈ ਓਜ਼ ਨੂੰ ਜ਼ਰੂਰੀ ਪੱਤਰ ਜਾਰੀ ਕਰਕੇ ਇਨ੍ਹਾਂ ਗੁੰਮਰਾਹਕੁਨ ਹੁਕਮਾਂ ’ਤੇ ਕਾਰਵਾਈ ਨਾ ਕਰਨ ਦੀ ਹਦਾਇਤ ਦਿੱਤੀ ਹੈ।
ਡਾਇਰੈਕਟਰ ਨੇ ਕਿਹਾ ਕਿ ਕੁਝ ਡੀ ਈ ਓ ਅਤੇ ਸਕੂਲ ਮੁਖੀਆਂ ਨੇ ਪਹਿਲਾਂ ਹੀ ਫਰਜ਼ੀ ਹੁਕਮਾਂ ਦੇ ਅਧਾਰ ’ਤੇ ਨਵੇਂ ਸਥਾਨਾਂ ’ਤੇ ਕਰਮਚਾਰੀਆਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਸਕੂਲ ਸਿੱਖਿਆ ਦੇ ਡਾਇਰੈਕਟਰ ਜਨਰਲ (ਡੀ ਜੀ ਐੱਸ ਈ) ਨੇ ਸਾਰੇ ਡੀ ਈ ਓਜ਼ ਅਤੇ ਸਕੂਲ ਮੁਖੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਤਬਾਦਲੇ ਦੇ ਹੁਕਮਾਂ ਦੀ ਅਣਦੇਖੀ ਕਰਨ ਲਈ ਨਿਰਦੇਸ਼ ਦਿੱਤੇ ਹਨ। ਉਨ੍ਹਾ ਕਿਹਾ ਹੈ ਕਿ ਉਦੋਂ ਤੱਕ ਹੁਕਮ ਨਜ਼ਰਅੰਦਾਜ਼ ਕੀਤੇ ਜਾਣ ਜਦੋਂ ਤੱਕ ਉਨ੍ਹਾਂ ਨੂੰ ਅਧਿਕਾਰਤ ਤੌਰ ’ਤੇ ਈਮੇਲ ਚੈਨਲਾਂ ਰਾਹੀਂ ਨਹੀਂ ਭੇਜਿਆ ਜਾਂਦਾ। ਡੀ ਜੀ ਐੱਸ ਈ ਨੇ ਅਧਿਕਾਰੀਆਂ ਨੂੰ ਸਾਵਧਾਨੀ ਵਰਤਣ ਅਤੇ ਕਾਰਵਾਈ ਕਰਨ ਤੋਂ ਪਹਿਲਾਂ ਅਜਿਹੇ ਕਿਸੇ ਵੀ ਆਦੇਸ਼ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦੀ ਤਾਕੀਦ ਕੀਤੀ ਹੈ। ਜਾਅਲੀ ਹੁਕਮਾਂ ਨੇ ਨਾ ਸਿਰਫ ਪ੍ਰਸ਼ਾਸਨਕ ਹਫੜਾ-ਦਫੜੀ ਪੈਦਾ ਕੀਤੀ, ਬਲਕਿ ਸਿੱਖਿਆ ਵਿਭਾਗ ਦੇ ਕੰਮਕਾਜ ’ਤੇ ਮਾੜਾ ਪ੍ਰਭਾਵ ਪਾਇਆ ਹੈ। ਅਧਿਕਾਰੀ ਇਨ੍ਹਾਂ ਫਰਜ਼ੀ ਆਦੇਸ਼ਾਂ ਦੇ ਸਰੋਤ ਦੀ ਜਾਂਚ ਕਰ ਰਹੇ ਹਨ।