ਚੰਡੀਗੜ੍ਹ : ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਇੱਕ ਸਾਥੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਪੁਆਇੰਟ 32 ਬੋਰ ਦੇ ਛੇ ਪਿਸਤੌਲ ਅਤੇ 10 ਗੋਲੀਆਂ ਬਰਾਮਦ ਕੀਤੀਆਂ ਹਨ। ਫੜੇ ਜਾਣ ਵਾਲੇ ਦੀ ਸ਼ਨਾਖਤ ਗੁਰਬਾਜ਼ ਸਿੰਘ ਵਾਸੀ ਪਿੰਡ ਵੜਿੰਗ ਸੂਬਾ ਸਿੰਘ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ। ਉਸ ਦੇ ਖਿਲਾਫ ਪਹਿਲਾਂ ਵੀ ਕਤਲ, ਲੁੱਟਖੋਹ, ਐੱਨ ਡੀ ਪੀ ਐੱਸ ਐਕਟ ਤੇ ਅਸਲਾ ਐਕਟ ਦੇ 8 ਮਾਮਲੇ ਦਰਜ ਹਨ। ਡੀ ਜੀ ਪੀ ਨੇ ਦੱਸਿਆ ਕਿ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੂੰ ਖੁਫੀਆ ਸੂਚਨਾ ਮਿਲੀ ਸੀ ਕਿ ਗੁਰਬਾਜ਼ ਸਿੰਘ ਕਿਸੇ ਨੂੰ ਹਥਿਆਰ ਸਪਲਾਈ ਕਰਨ ਜਾ ਰਿਹਾ ਹੈ। ਪੁਲਸ ਨੇ ਅੰਮਿ੍ਰਤਸਰ-ਤਰਨ ਤਾਰਨ ਬਾਈਪਾਸ ਵਿਖੇ ਆਈ ਐੱਮ ਐੱਮ ਨੇੜੇ ਨਾਕੇਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿਛ ਦੌਰਾਨ ਖੁਲਾਸਾ ਹੋਇਆ ਕਿ ਇਹ ਹਥਿਆਰ ਉਸ ਨੇ ਮੱਧ ਪ੍ਰਦੇਸ਼ ਤੋਂ ਪ੍ਰਾਪਤ ਕੀਤੇ ਸਨ। ਇਸ ਸੰਬੰਧ ਵਿੱਚ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਅੰਮਿ੍ਰਤਸਰ ਸਥਿਤ ਥਾਣੇ ਵਿਖੇ ਕੇਸ ਦਰਜ ਕੀਤਾ ਗਿਆ ਹੈ।




