ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿੱਚਰਵਾਰ ਕਿਹਾ ਕਿ ਉਨ੍ਹਾ ਦੀ ‘ਵੋਕਲ ਫਾਰ ਲੋਕਲ’ ਮੁਹਿੰਮ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਭਾਰਤੀ ਉਤਪਾਦ ਆਲਮੀ ਪੱਧਰ ’ਤੇ ਜਾ ਰਹੇ ਹਨ ਅਤੇ ਪੂਰੀ ਦੁਨੀਆ ’ਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਹਨ। ਮੋਦੀ ਨੇ ਐੱਨ ਐੱਕਸ ਟੀ ਕਨਕਲੇਵ ਵਿੱਚ ‘ਨਿਊਜ਼ ਐੱਕਸ ਵਰਲਡ’ ਚੈਨਲ ਲਾਂਚ ਕਰਨ ਮੌਕੇ ਕਿਹਾ ਕਿ ਦੁਨੀਆ ਕਈ ਦਹਾਕਿਆਂ ਤੱਕ ਭਾਰਤ ਨੂੰ ਆਪਣੇ ‘ਬੈਕ ਆਫਿਸ’ (ਕੰਪਨੀ ਦੇ ਪ੍ਰਸ਼ਾਸਨਕ ਤੇ ਸਹਾਇਕ ਕਾਰਜ ਦੇਖਣ ਵਾਲਾ ਹਿੱਸਾ, ਜੋ ਗਾਹਕਾਂ ਨਾਲ ਸਿੱਧਾ ਮੁਖਾਤਬ ਨਹੀਂ ਹੁੰਦਾ) ਵਜੋਂ ਦੇਖਦੀ ਰਹੀ ਹੈ, ਪਰ ਮੁਲਕ ਹੁਣ ਦੁਨੀਆ ਲਈ ‘ਇੱਕ ਕਾਰਖਾਨਾ’ ਬਣ ਕੇ ਉੱਭਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ‘ਕਾਰਜ ਬਲ’ ਨਹੀਂ, ਬਲਕਿ ਇੱਕ ‘ਵਿਸ਼ਵ ਸ਼ਕਤੀ’ ਹੈ। ਦੇਸ਼ ਹੁਣ ਸੈਮੀਕੰਡਕਟਰਾਂ ਅਤੇ ਜਹਾਜ਼ ਢੋਣ ਵਾਲੇ ਵਾਹਨਾਂ ਦਾ ਨਿਰਮਾਣ ਕਰ ਰਿਹਾ ਹੈ ਤੇ ਇਸ ਦੇ ‘ਮਖਾਣਾ’ ਤੇ ‘ਬਾਜਰਾ’ ਵਰਗੇ ਸੁਪਰਫੂਡ, ਆਯੂਸ਼ ਅਤੇ ਯੋਗਾ ਨੂੰ ਪੂਰੀ ਦੁਨੀਆ ’ਚ ਅਣਾਇਆ ਜਾ ਰਿਹਾ ਹੈ। ਭਾਰਤ ਇੱਕ ਵੱਡਾ ਆਟੋਮੋਬਾਈਲ ਉਤਪਾਦਕ ਬਣ ਕੇ ਉਭਰਿਆ ਹੈ ਤੇ ਮੁਲਕ ਦੀ ਰੱਖਿਆ ਖੇਤਰ ’ਚ ਬਰਾਮਦ ਵੀ ਵਧ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਬਿਨਾਂ ਕਿਸੇ ਬਣਾਵਟ ਤੋਂ ਜਿਵੇਂ ਹੈ, ਉਸੇ ਤਰ੍ਹਾਂ ਪੇਸ਼ ਜਾਣਾ ਚਾਹੀਦਾ ਹੈ। ਇਸ ਨੂੰ ਕਿਸੇ ਦਿਖਾਵੇ ਦੀ ਲੋੜ ਨਹੀਂ ਅਤੇ ਦੇਸ਼ ਦੀਆਂ ਅਸਲ ਕਹਾਣੀਆਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਉਨ੍ਹਾ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਐੱਨ ਡੀ ਏ ਸਰਕਾਰ ਦਾ ਤੀਜੀ ਵਾਰ ਚੁਣੇ ਜਾਣਾ ਲੋਕਾਂ ਦੇ ਭਰੋਸੇ ਦਾ ਪ੍ਰਤੀਕ ਹੈ ਅਤੇ ਉਮੀਦ ਹੈ ਕਿ ਨਵਾਂ ਆਲਮੀ ਚੈਨਲ ਦੇਸ਼ ਦੇ ਮਾਅਰਕਿਆਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਏਗਾ। ਉਨ੍ਹਾ ਕਿਹਾ ਕਿ 21ਵੀਂ ਸਦੀ ’ਚ ਵਿਸ਼ਵ ਦੀਆਂ ਭਾਰਤ ’ਤੇ ਨਜ਼ਰਾਂ ਹਨ ਅਤੇ ਦੇਸ਼ ਵਿੱਚੋਂ ਲਗਾਤਾਰ ਹਾਂ-ਪੱਖੀ ਖਬਰਾਂ ਪੈਦਾ ਹੋ ਰਹੀਆਂ ਹਨ।





