ਕਿਲ੍ਹਾ ਲਾਲ ਸਿੰਘ : ਸਨਿੱਚਰਵਾਰ ਦੇਰ ਰਾਤ ਡੇਰਾ ਬਾਬਾ ਨਾਨਕ ਮੁੱਖ ਮਾਰਗ ’ਤੇ ਲੱਗੇ ਲੰਗਰ ਤੋਂ ਸੇਵਾ ਕਰਕੇ ਘਰ ਵਾਪਸ ਪਰਤ ਰਹੇ ਪਤੀ-ਪਤਨੀ ’ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪਤੀ ਨੇ ਬਟਾਲਾ ਦੇ ਨਿੱਜੀ ਹਸਪਤਾਲ ’ਚ ਦਮ ਤੋੜ ਦਿੱਤਾ, ਜਦਕਿ ਪਤਨੀ ਮੌਤ ਨਾਲ ਲੜ ਰਹੀ ਸੀ। ਪਿੰਡ ਸਰਵਾਲੀ ਦੇ ਮੋੜ ’ਤੇ ਮੇਲਾ ਚੋਲਾ ਸਾਹਿਬ ਦੇ ਸੰਬੰਧ ’ਚ ਲੰਗਰ ਚੱਲ ਰਿਹਾ ਹੈ ਅਤੇ ਇਸ ਲੰਗਰ ’ਚ ਸਰਵਾਲੀ ਦਾ ਹੀ ਬਜ਼ੁਰਗ ਸੋਹਣ ਸਿੰਘ ਅਤੇ ਪਤਨੀ ਪਰਮਿੰਦਰ ਕੌਰ ਨਾਲ ਲੰਗਰ ਦੀ ਸੇਵਾ ਕਰਨ ਉਪਰੰਤ ਘਰ ਪਰਤ ਰਿਹਾ ਸੀ ਤਾਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ।
ਕੋਕੀਨ ਦੇ 100 ਕੈਪਸੂਲ ਨਿਗਲਣ ਵਾਲੀ ਗਿ੍ਰਫਤਾਰ
ਮੁੰਬਈ : ਮਾਲੀਆ ਇੰਟੈਲੀਜੈਂਸ ਬਾਰੇ ਡਾਇਰੈਕਟੋਰੇਟ ਨੇ ਕੋਕੀਨ ਦੇ 100 ਕੈਪਸੂਲ ਨਿਗਲਣ ਵਾਲੀ ਬ੍ਰਾਜ਼ੀਲਿਆਈ ਮਹਿਲਾ ਨੂੰ ਹਵਾਈ ਅੱਡੇ ਤੋਂ ਗਿ੍ਰਫਤਾਰ ਕੀਤਾ ਹੈ, ਜਿਹੜੀ ਸਾਓ ਪੋਲੋ ਤੋਂ ਮੁੰਬਈ ਪੁੱਜੀ ਸੀ। ਮਹਿਲਾ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਨ੍ਹਾਂ ਕੈਪਸੂਲਾਂ ਵਿੱਚ ਨਸ਼ਾ ਸੀ, ਜੋ ਭਾਰਤ ’ਚ ਸਮਗਲ ਕੀਤਾ ਜਾ ਰਿਹਾ ਸੀ। ਮਹਿਲਾ ਨੂੰ ਸਰਕਾਰੀ ਹਸਪਤਾਲ ਲਿਜਾ ਕੇ ਕੈਪਸੂਲ ਕੱਢੇ ਗਏ। ਕੈਪਸੂਲਾਂ ਵਿਚ 1096 ਗ੍ਰਾਮ ਕੋਕੀਨ ਸੀ, ਜਿਸ ਦੀ ਗ਼ੈਰਕਾਨੂੰਨੀ ਨਸ਼ਾ ਬਾਜ਼ਾਰ ਵਿੱਚ ਕੀਮਤ 10.96 ਕਰੋੜ ਰੁਪਏ ਦੱਸੀ ਗਈ ਹੈ।




