ਟਰੰਪ ਨਾਲ ਝੜਪ ਤੋਂ ਬਾਅਦ ਯੂਰਪੀ ਆਗੂਆਂ ਜ਼ੇਲੈਂਸਕੀ ਦੀ ਪਿੱਠ ਥਾਪੜੀ

0
124

ਨਿਊ ਯਾਰਕ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਪ ਰਾਸ਼ਟਰਪਤੀ ਜੀ ਡੀ ਵਾਂਸ ਦੀ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਤਲਖਕਲਾਮੀ ਤੋਂ ਬਾਅਦ ਯੂਰਪੀਨ ਆਗੂਆਂ ਦੇ ਜ਼ੇਲੈਂਸਕੀ ਦੀ ਹਮਾਇਤ ਵਿੱਚ ਆਏ ਬਿਆਨਾਂ ਨੇ ਰੂਸ-ਯੂਕਰੇਨ ਜੰਗ ਨੂੰ ਲੈ ਕੇ ਅਮਰੀਕਾ ਤੇ ਯੂਰਪ ਵਿਚਾਲੇ ਤਿੱਖੇ ਮਤਭੇਦਾਂ ਨੂੰ ਸਾਹਮਣੇ ਲੈ ਆਂਦਾ ਹੈ। ਟਰੰਪ ਤੇ ਵਾਂਸ ਨੇ ਜ਼ੇਲੈਂਸਕੀ ’ਤੇ ਰੂਸ ਨਾਲ ਜੰਗ ਬੰਦ ਕਰਨ ਲਈ ਦਬਾਅ ਪਾਇਆ, ਪਰ ਜ਼ੇਲੈਂਸਕੀ ਸੁਰੱਖਿਆ ਦੀ ਗਰੰਟੀ ਮਿਲੇ ਬਿਨਾਂ ਕੋਈ ਵਾਅਦਾ ਕੀਤੇ ਬਿਨਾਂ ਵ੍ਹਾਈਟ ਹਾਊਸ ਤੋਂ ਬਿਨਾਂ ਕੁਝ ਖਾਧੇ-ਪੀਤੇ ਬਾਹਰ ਨਿਕਲ ਆਏ। ਉਨ੍ਹਾ ਟਰੰਪ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵੀ ਨਹੀਂ ਕੀਤੀ।
ਟਰੰਪ ਤੇ ਵਾਂਸ ਨੇ ਓਵਲ ਹਾਊਸ ਵਿੱਚ ਮੀਡੀਆ ਸਾਹਮਣੇ ਬਹਿਸ ਦੌਰਾਨ ਜ਼ੇਲੈਂਸਕੀ ’ਤੇ ਅਪਮਾਨਜਨਕ ਵਿਹਾਰ ਦਾ ਦੋਸ਼ ਲਾਇਆ। ਜ਼ੇਲੈਂਸਕੀ ਨੇ ਟਰੰਪ ਨਾਲ ਖਣਿਜ ਸਮਝੌਤੇ ’ਤੇ ਦਸਤਖਤ ਕਰਨੇ ਸਨ, ਪਰ ਉਹ ਟਰੰਪ ਦੇ ਚੀਕਣ ਤੋਂ ਬਾਅਦ ਸਮਝੌਤਾ ਕੀਤੇ ਬਿਨਾਂ ਵ੍ਹਾਈਟ ਹਾਊਸ ਤੋਂ ਬਾਹਰ ਆ ਗਏ। ਇਸ ਸਮਝੌਤੇ ਨਾਲ ਯੂਕਰੇਨ ਦੇ ਖਣਿਜ ਪਦਾਰਥਾਂ ’ਤੇ ਅਮਰੀਕਾ ਦਾ ਕਾਫੀ ਕਬਜ਼ਾ ਹੋ ਜਾਣਾ ਸੀ। ਦੂਜੇ ਪਾਸੇ ਵ੍ਹਾਈਟ ਹਾਊਸ ਨੇ ਕਿਹਾ ਕਿ ਯੂਕਰੇਨੀ ਵਫਦ ਨੂੰ ਨਿਕਲ ਜਾਣ ਲਈ ਕਿਹਾ ਗਿਆ ਸੀ।
ਇਕ ਸੀਨੀਅਰ ਯੂਕਰੇਨੀ ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ ਜ਼ੇਲੈਂਸਕੀ ਨੇ ਫਰਾਂਸ ਦੇ ਰਾਸ਼ਟਰਪਤੀ, ਨਾਟੋ ਦੇ ਜਨਰਲ ਸਕੱਤਰ ਮਾਰਕ ਰੁਟੇ ਸਣੇ ਕਈ ਯੂਰਪੀਨ ਆਗੂਆਂ ਨਾਲ ਗੱਲ ਕੀਤੀ, ਜਿਨ੍ਹਾਂ ਹਮਾਇਤ ਦਾ ਇਜ਼ਹਾਰ ਕੀਤਾ। ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਇਸ ਘਟਨਾਕ੍ਰਮ ਤੋਂ ਬਾਅਦ ਟਵੀਟ ਕੀਤਾਇੱਕ ਹਮਲਾਵਰ ਹੈ : ਰੂਸ। ਇੱਕ ਪੀੜਤ ਹੈ : ਯੂਕਰੇਨ। ਸਾਡਾ ਤਿੰਨ ਸਾਲ ਪਹਿਲਾਂ ਯੂਕਰੇਨ ਦੀ ਮਦਦ ਕਰਨਾ ਤੇ ਰੂਸ ’ਤੇ ਪਾਬੰਦੀਆਂ ਲਾਉਣਾ ਸਹੀ ਸੀ ਅਤੇ ਅਜਿਹਾ ਕਰਦੇ ਰਹਿਣਾ ਸਹੀ ਵੀ ਹੈ। ਸਾਡੇ ਤੋਂ ਮੇਰਾ ਮਤਲਬ ਅਮਰੀਕੀ, ਯੂਰਪੀ, ਕੈਨੇਡੀਆਈ, ਜਾਪਾਨੀ ਤੇ ਕਈ ਹੋਰਨਾਂ ਤੋਂ ਹੈ। ਮੈਂ ਉਨ੍ਹਾਂ ਲੋਕਾਂ ਪ੍ਰਤੀ ਸਨਮਾਨ ਪ੍ਰਗਟ ਕਰਦਾ ਹਾਂ, ਜਿਹੜੇ ਸ਼ੁਰੂ ਤੋਂ ਹੀ ਲੜ ਰਹੇ ਹਨ, ਕਿਉਕਿ ਉਹ ਆਪਣੀ ਆਨ-ਬਾਨ, ਆਪਣੀ ਆਜ਼ਾਦੀ, ਆਪਣੇ ਬੱਚਿਆਂ ਤੇ ਯੂਰਪ ਦੀ ਸੁਰੱਖਿਆ ਲਈ ਲੜ ਰਹੇ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ, ਜੋ ਟਰੰਪ ਦੀ ਕਰੀਬੀ ਮੰਨੀ ਜਾਂਦੀ ਹੈ, ਨੇ ਕਿਹਾਸਾਡੀ ਕੂਟਨੀਤੀ ਨੂੰ ਮੁੜ ਪਟੜੀ ’ਤੇ ਲਿਆਉਣ ਲਈ ਯੂਰਪੀਨ ਯੂਨੀਅਨ ਤੇ ਅਮਰੀਕਾ ਵਿਚਾਲੇ ਸਿਖਰ ਸੰਮੇਲਨ ਹੋਣਾ ਚਾਹੀਦਾ ਹੈ।
ਜਰਮਨੀ ਦੇ ਸੰਭਾਵਤ ਚਾਂਸਲਰ ਫਰੈਡਰਿਕ ਮਰਜ਼ ਨੇ ਟਵੀਟ ਕੀਤਾਪਿਆਰੇ ਜ਼ੇਲੈਂਸਕੀ, ਅਸੀਂ ਚੰਗੇ ਤੇ ਮੁਸ਼ਕਲ ਦੌਰ ’ਚ ਯੂਕਰੇਨ ਨਾਲ ਖੜ੍ਹੇ ਹਾਂ। ਸਾਨੂੰ ਇਸ ਭਿਆਨਕ ਜੰਗ ਵਿੱਚ ਹਮਲਾਵਰ ਤੇ ਪੀੜਤ ਨੂੰ ਲੈ ਕੇ ਗੁੰਮਰਾਹ ਨਹੀਂ ਹੋਣਾ ਚਾਹੀਦਾ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਫਿਨਲੈਂਡ, ਆਸਟਰੀਆ, ਚੈੱਕ ਗਣਰਾਜ, ਡੈਨਮਾਰਕ, ਲਿਥੂਆਨੀਆ, ਨਾਰਵੇ, ਸਪੇਨ, ਸਵੀਡਨ, ਐਸਤੋਨੀਆ, ਲਾਤਵੀਆ, ਲਗਜ਼ਮਬਰਗ, ਪੋਲੈਂਡ ਤੇ ਹਾਲੈਂਡ ਦੇ ਆਗੂਆਂ ਨੇ ਵੀ ਜ਼ੇਲੈਂਸਕੀ ਤੇ ਯੂਕਰੇਨ ਨਾਲ ਇੱਕਜੁਟਤਾ ਪ੍ਰਗਟਾਈ ਹੈ। ਐਸਤੋਨੀਆ ਦੇ ਵਿਦੇਸ਼ ਮੰਤਰੀ ਮਾਰਗਸ ਨੇ ਕਿਹਾ ਕਿ ਅਮਨ ਦੇ ਰਾਹ ਵਿੱਚ ਸਿਰਫ ਰੂਸੀ ਰਾਸ਼ਟਰਪਤੀ ਪੁਤਿਨ ਹੀ ਰੋੜਾ ਹਨ। ਸਵੀਡਿਸ਼ ਪ੍ਰਧਾਨ ਮੰਤਰੀ ਉਲਫ �ਿਸਟਰਸਨ ਨੇ ਕਿਹਾ ਕਿ ਜੇ ਰੂਸ ਤਕੜਾ ਹੁੰਦਾ ਹੈ ਤਾਂ ਨਾਰਡਿਕ ਤੇ ਬਾਲਟਿਕ ਦੇਸ਼ਾਂ ਅਤੇ ਹੋਰਨਾਂ ਲੋਕਾਂ ਦਾ ਭਵਿੱਖ ਦਾਅ ’ਤੇ ਲੱਗ ਜਾਵੇਗਾ।
ਯੂਰਪੀਨ ਯੂਨੀਅਨ ਕਮਿਸ਼ਨ ਦੀ ਚੇਅਰਪਰਸਨ ਉਰਸੁਲਾ ਵਾਨ ਡੇਰ ਲੇਏਨ ਨੇ ਜ਼ੇਲੈਂਸਕੀ ਨੂੰ ਕਿਹਾ ਕਿ ਮਜ਼ਬੂਤ ਬਣੋ, ਬਹਾਦਰ ਬਣੋ, ਨਿਡਰ ਬਣੋ, ਪਿਆਰੇ ਰਾਸ਼ਟਰਪਤੀ, ਤੁਸੀਂ ਇਕੱਲੇ ਨਹੀਂ ਹੋ। ਐਤਵਾਰ ਲੰਡਨ ਵਿੱਚ ਯੂ ਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਮੇਜ਼ਬਾਨੀ ’ਚ ਸਿਖਰ ਸੰਮੇਲਨ ਹੋ ਰਿਹਾ ਹੈ, ਜਿਸ ਵਿੱਚ ਜ਼ੇਲੈਂਸਕੀ ਸਣੇ ਕਈ ਯੂਰਪੀਨ ਆਗੂ ਹਿੱਸਾ ਲੈਣਗੇ ਅਤੇ ਯੂਕਰੇਨ ਦੀ ਸੁਰੱਖਿਆ ਬਾਰੇ ਵਿਚਾਰਾਂ ਕਰਨਗੇ।
ਇਸੇ ਦੌਰਾਨ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਟਰੰਪ ਦੀ ਪ੍ਰਸੰਸਾ ਕੀਤੀ ਹੈ ਤੇ ਕਿਹਾ ਹੈ ਕਿ ਜ਼ੇਲੈਂਸਕੀ ਆਪਣੇ ਹੀ ਦੇਸ਼ ਦੇ ਖਿਲਾਫ ਕੰਮ ਕਰ ਰਹੇ ਹਨ। ਉਨ੍ਹਾ ਕਿਹਾ ਕਿ ਮਜ਼ਬੂਤ ਲੋਕ ਅਮਨ ਲਿਆਉਦੇ ਹਨ ਤੇ ਕਮਜ਼ੋਰ ਜੰਗ ਕਰਦੇ ਹਨ। ਟਰੰਪ ਅਮਨ ਲਈ ਡਟੇ ਹੋਏ ਹਨ, ਭਾਵੇਂ ਕਈ ਲੋਕਾਂ ਲਈ ਇਸ ਨੂੰ ਪਚਾਉਣਾ ਮੁਸ਼ਕਲ ਹੈ। ਓਰਬਨ ਸ਼ੁਰੂ ਤੋਂ ਹੀ ਰੂਸ ਦੀ ਹਮਾਇਤ ਕਰ ਰਹੇ ਹਨ।
ਟਰੰਪ ਨੇ ਸ਼ੁੱਕਰਵਾਰ ਓਵਲ ਆਫਿਸ ਵਿੱਚ ਮੀਟਿੰਗ ਦੌਰਾਨ ਜ਼ੇਲੈਂਸਕੀ ’ਤੇ ਵਰ੍ਹਦਿਆਂ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਲਈ ਉਸ ਦੀ ਝਾੜਝੰਬ ਕੀਤੀ ਸੀ। ਟਰੰਪ, ਉਪ ਰਾਸ਼ਟਰਪਤੀ ਜੇ ਡੀ ਵਾਂਸ ਅਤੇ ਜ਼ੇਲੈਂਸਕੀ ਵਿਚਾਲੇ ਕਰੀਬ 45 ਮਿੰਟ ਤੱਕ ਗੱਲਬਾਤ ਹੋਈ, ਜਿਸ ’ਚ ਆਖਰੀ 10 ਮਿੰਟ ਤਿੰਨਾਂ ਵਿਚਾਲੇ ਕਾਫੀ ਤਿੱਖੀ ਬਹਿਸ ਹੋਈ। ਜ਼ੇਲੈਂਸਕੀ ਨੇ ਆਪਣਾ ਪੱਖ ਰੱਖਦਿਆਂ ਰੂਸ ਵੱਲੋਂ ਤੋੜੀਆਂ ਗਈਆਂ ਪਾਬੰਦੀਆਂ ਦਾ ਹਵਾਲਾ ਦਿੱਤਾ। ਸ਼ੁਰੂਆਤ ਵਾਂਸ ਵੱਲੋਂ ਜ਼ੇਲੈਂਸਕੀ ਨੂੰ ਇਹ ਕਹਿਣ ਨਾਲ ਹੋਈ, ‘ਰਾਸ਼ਟਰਪਤੀ ਜੀ। ਮੈਨੂੰ ਲੱਗਦਾ ਹੈ ਕਿ ਤੁਸੀਂ ਅਮਰੀਕੀ ਮੀਡੀਆ ਦੇ ਸਾਹਮਣੇ ਇਸ ਮਾਮਲੇ ’ਤੇ ਦਾਅਵਾ ਕਰ ਕੇ ਬੇਇੱਜ਼ਤੀ ਕਰ ਰਹੇ ਹੋ।’ ਜ਼ੇਲੈਂਸਕੀ ਨੇ ਅਪੀਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਟਰੰਪ ਨੇ ਉੱਚੀ ਆਵਾਜ਼ ਵਿੱਚ ਕਿਹਾ, ‘ਤੁਸੀਂ ਲੱਖਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹੋ।’ ਟਰੰਪ ਨੇ ਕਿਹਾ, ‘ਤੁਸੀਂ ਤੀਜੀ ਵਿਸ਼ਵ ਜੰਗ ਨੂੰ ਸੱਦਾ ਦੇ ਰਹੇ ਹੋ ਅਤੇ ਜੋ ਤੁਸੀਂ ਕਰ ਰਹੇ ਹੋ, ਉਹ ਦੇਸ਼ (ਅਮਰੀਕਾ) ਦੇ ਲਈ ਵੱਡੀ ਬੇਇੱਜ਼ਤੀ ਹੈ, ਇਹ ਉਹ ਦੇਸ਼ ਹੈ, ਜਿਸ ਨੇ ਤੁਹਾਡੇ ਲਈ ਬਹੁਤ ਜ਼ਿਆਦਾ ਸਮਰਥਨ ਦਿੱਤਾ ਹੈ।’ ਆਮ ਤੌਰ ’ਤੇ ਗੰਭੀਰ ਚਰਚਾਵਾਂ ਲਈ ਪ੍ਰਸਿੱਧ ਓਵਲ ਆਫਿਸ ਵਿੱਚ ਇਹ ਤਣਾਅ ਅਤੇ ਖੁੱਲ੍ਹੇ ਤੌਰ ’ਤੇ ਉੱਚੀ ਆਵਾਜ਼ ਵਿੱਚ ਗੱਲਬਾਤ ਕਰਨ ਦਾ ਦਿ੍ਰਸ਼ ਹੈਰਾਨ ਕਰਨ ਵਾਲਾ ਸੀ। ਇਸ ਤੋਂ ਪਹਿਲਾਂ ਬੈਠਕ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਸੈਨਿਕ ਸਹਾਇਤਾ ਦੇਣਾ ਜਾਰੀ ਰੱਖੇਗਾ, ਪਰ ਬਹੁਤ ਵੱਡੀ ਸਹਾਇਤਾ ਨਹੀਂ ਮਿਲੇਗੀ। ਟਰੰਪ ਨੇ ਕਿਹਾ, ‘ਅਸੀਂ ਬਹੁਤ ਜ਼ਿਆਦਾ ਹਥਿਆਰ ਭੇਜਣ ਬਾਰੇ ਨਹੀਂ ਸੋਚ ਰਹੇ। ਅਸੀਂ ਜੰਗ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਹਾਂ ਤਾਂ ਜੋ ਅਸੀਂ ਹੋਰ ਕੰਮ ਕਰ ਸਕੀਏ।’ ਟਰੰਪ ਅਤੇ ਜ਼ੇਲੈਂਸਕੀ ਦੀ ਬੈਠਕ ਦੌਰਾਨ ਜ਼ੇਲੈਂਸਕੀ ਨੇ ਸੁਰੱਖਿਆ ਦੀ ਗਰੰਟੀ ਮੰਗੀ। ਟਰੰਪ ਨੇ ਜ਼ੇਲੈਂਸਕੀ ਨੂੰ ਕਿਹਾ, ‘ਇਸ ਤਰ੍ਹਾਂ ਕੰਮ ਕਰਨਾ ਬਹੁਤ ਮੁਸ਼ਕਲ ਹੋਵੇਗਾ।’
ਟਰੰਪ ਨੇ ਰੂਸ ਅਤੇ ਯੂਕਰੇਨ ਦੇ ਵਿਚਕਾਰ ਤੁਰੰਤ ਜੰਗ ਦੇ ਖਾਤਮੇ ਦੀ ਇੱਛਾ ਜਤਾਈ ਅਤੇ ਜ਼ੇਲੈਂਸਕੀ ਨੂੰ ਚੇਤਾਵਨੀ ਦਿੱਤੀ ਕਿ ਉਹ ਜਾਂ ਤਾਂ ਸ਼ਾਂਤੀ ਸਥਾਪਤ ਕਰਨ, ਨਹੀਂ ਤਾਂ ਅਮਰੀਕੀ ਸਮਰਥਨ ਦੀ ਆਸ ਨਾ ਕਰਨ। ਟਰੰਪ ਨੇ ਕਿਹਾ, ਜ਼ੇਲੈਂਸਕੀ ਸ਼ਾਂਤੀ ਨਹੀਂ ਚਾਹੁੰਦਾ।’ ਉਨ੍ਹਾ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ਾਂਤੀ ਸਮਝੌਤੇ ਲਈ ਤਿਆਰ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਜ਼ੇਲੈਂਸਕੀ ਨੇ ਅਮਰੀਕੀ ਪ੍ਰਸ਼ਾਸਨ ਨੂੰ ਵਲਾਦੀਮੀਰ ਪੁਤਿਨ ਦੇ ਇਰਾਦਿਆਂ ’ਤੇ ਹੋਰ ਸਾਵਧਾਨ ਰਹਿਣ ਦੀ ਅਪੀਲ ਕੀਤੀ। ਜ਼ੇਲੈਂਸਕੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਜਦ ਤੱਕ ਕਿਸੇ ਹੋਰ ਹਮਲੇ ਦੇ ਖਿਲਾਫ ਸੁਰੱਖਿਆ ਦੀ ਗਰੰਟੀ ਨਹੀਂ ਮਿਲਦੀ, ਉਹ ਰੂਸ ਨਾਲ ਸ਼ਾਂਤੀ ਗੱਲਬਾਤ ਵਿੱਚ ਸ਼ਾਮਲ ਨਹੀਂ ਹੋਣਗੇ। ਜ਼ੇਲੈਂਸਕੀ ਨੇ ਕਿਹਾ ਕਿ ਟਰੰਪ ਨਾਲ ਸ਼ੁੱਕਰਵਾਰ ਨੂੰ ਹੋਈ ਗੱਲਬਾਤ ਦੋਹਾਂ ਪੱਖਾਂ ਲਈ ਚੰਗੀ ਨਹੀਂ। ਟਰੰਪ ਨੂੰ ਇਹ ਸਮਝਣ ਦੀ ਲੋੜ ਹੈ ਕਿ ਯੂਕਰੇਨ ਰੂਸ ਨਾਲ ਆਪਣੇ ਰਵੱਈਏ ਨੂੰ ਇਕ ਪਲ ਵਿੱਚ ਨਹੀਂ ਬਦਲ ਸਕਦਾ।