ਗੁਜਰਾਤ ਤੋਂ ਅਮਰੀਕਾ ਵਾਇਆ ਕੈਨੇਡਾ

0
86

ਨਵੀਂ ਦਿੱਲੀ : ਹਜ਼ਾਰਾਂ ਸਥਾਨਕ ਏਜੰਟ ਤੇ ਘੱਟੋਘੱਟ 150 ਕੈਨੇਡੀਅਨ ਕਾਲਜ ਹਨ, ਜਿਹੜੇ ਗੈਰਕਾਨੂੰਨੀ ਢੰਗ ਨਾਲ ਲੋਕਾਂ ਨੂੰ ਅਮਰੀਕਾ ਵਿੱਚ ਦਾਖਲ ਕਰਾਉਦੇ ਹਨ। ਚਾਰ-ਸਾਢੇ ਚਾਰ ਹਜ਼ਾਰ ਏਜੰਟ ਦੇਸ਼ ਵਿੱਚ ਸਰਗਰਮ ਹਨ, ਜਿਨ੍ਹਾਂ ਵਿੱਚੋਂ ਦੋ ਹਜ਼ਾਰ ਇਕੱਲੇ ਗੁਜਰਾਤ ’ਚ ਹਨ।
ਸਰਕਰਦਾ ਅੰਗਰੇਜ਼ੀ ਅਖਬਾਰ ‘ਦੀ ਟੈਲੀਗ੍ਰਾਫ’ ਨੂੰ ਇੱਕ ਈ ਡੀ ਅਧਿਕਾਰੀ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਵੱਲੋਂ ਹੱਥਕੜੀਆਂ ਤੇ ਬੇੜੀਆਂ ਵਿੱਚ ਜਕੜ ਕੇ ਭਾਰਤ ਵਾਪਸ ਕੀਤੇ ਗਏ ਗੈਰਕਾਨੂੰਨੀ ਪਰਵਾਸੀਆਂ ਤੋਂ ਬਾਅਦ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੁਜਰਾਤ ਦੇ ਕਰੀਬ ਦੋ ਹਜ਼ਾਰ ਏਜੰਟ ਅਜੇ ਵੀ ਭਾਰਤੀਆਂ ਨੂੰ ਵਾਇਆ ਕੈਨੇਡਾ ਅਮਰੀਕਾ ਸਮੱਗਲ ਕਰਨ ’ਚ ਲੱਗੇ ਹੋਏ ਹਨ। ਕੁਝ ਏਜੰਟਾਂ ਦੀ ਸ਼ਨਾਖਤ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਨੱਪਣ ਲਈ ਛਾਪੇ ਮਾਰੇ ਜਾ ਰਹੇ ਹਨ।
ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਪਹੁੰਚਾਉਣ ਦਾ ਘਾਲਾਮਾਲਾ ਕਿਵੇਂ ਹੁੰਦਾ ਹੈ। ਭਾਰਤੀ ਏਜੰਟ ਗਾਹਕਾਂ ਨੂੰ ਕੈਨੇਡਾ ਦੇ ਕਾਲਜਾਂ, ਜਿਨ੍ਹਾਂ ਵਿੱਚੋਂ ਬਹੁਤੇ ਅਮਰੀਕਾ ਦੀ ਸਰਹੱਦ ਦੇ ਨੇੜੇ ਹਨ, ਵਿੱਚ ਵਿਦਿਆਰਥੀ ਵੀਜ਼ੇ ’ਤੇ ਦਾਖਲ ਕਰਾਉਦੇ ਹਨ। ਕੈਨੇਡਾ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਾਲੀ ਸਰਹੱਦ ਟਪਾਈ ਜਾਂਦੀ ਹੈ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਗੁਜਰਾਤ ਦੇ ‘ਵਿਦਿਆਰਥੀਆਂ’ ਦੀ ਤਰਫੋਂ ਨਵੰਬਰ 2021 ਤੋਂ ਜੁਲਾਈ 2024 ਤੱਕ ਕੈਨੇਡੀਅਨ ਕਾਲਜਾਂ ਨੂੰ 12 ਹਜ਼ਾਰ ਤੋਂ ਵੱਧ ਵਾਰ ਪੈਸੇ ਘੱਲਣ ਦਾ ਪਤਾ ਲਾਇਆ ਹੈ। ਇਹ ਪੈਸੇ ਤਿੰਨ-ਚਾਰ ਭਾਰਤੀ ਵਿੱਤੀ ਸੇਵਾ ਕੰਪਨੀਆਂ ਰਾਹੀਂ ਘੱਲੇ ਗਏ, ਜਿਹੜੀਆਂ ਜਾਂਚ ਦੇ ਘੇਰੇ ’ਚ ਹਨ। ਕੈਨੇਡਾ ਦੇ ਕਾਲਜ ਜਿਹੜੀ ‘ਫੀਸ’ ਹਾਸਲ ਕਰਦੇ ਹਨ, ਉਸ ਵਿੱਚੋਂ ਜਦੋਂ ਸਰਹੱਦ ਟਪਾਉਣ ਵਾਲਿਆਂ ਨੂੰ ਪੈਸੇ ਮਿਲ ਜਾਂਦੇ ਹਨ ਤਾਂ ਬਾਕੀ ਪੈਸੇ ਸੰਬੰਧਤ ਬੰਦੇ ਦੇ ਖਾਤੇ ਵਿੱਚ ਵਾਪਸ ਕਰ ਦਿੰਦੇ ਹਨ। ਕਮਿਸ਼ਨ ਪ੍ਰਤੀ ਵਿਅਕਤੀ 55 ਤੋਂ 60 ਲੱਖ ਹੁੰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਗੈਰਕਾਨੂੰਨੀ ਪਰਵਾਸੀਆਂ ਨੂੰ ਡੰਕੀ ਰੂਟ ਵਿੱਚ ਖੱਜਲ-ਖੁਆਰ ਹੋਣ ਨਾਲੋਂ ਸਟੂਡੈਂਟ ਵੀਜ਼ਾ ਵਾਲਾ ਰੂਟ ਆਸਾਨ ਰਹਿੰਦਾ ਹੈ। ਜਨਵਰੀ 2022 ਵਿੱਚ ਕੈਨੇਡਾ ਤੋਂ ਅਮਰੀਕਾ ਟੱਪਦਿਆਂ ਗੁਜਰਾਤ ਦੇ ਗਾਂਧੀਨਗਰ ਦੇ ਪਿੰਡ ਡਿੰਗਗੁਚਾ ਦੇ ਦੋ ਬੱਚਿਆਂ ਸਣੇ ਚਾਰ ਮੈਂਬਰੀ ਪਰਵਾਰ ਦੇ ਬਰਫ ਵਿੱਚ ਜੰਮ ਕੇ ਮਰ ਜਾਣ ਦੀ ਜਾਂਚ ਦੌਰਾਨ ਈ ਡੀ ਨੂੰ ਇਨ੍ਹਾਂ ਗੱਲਾਂ ਦਾ ਪਤਾ ਲੱਗਿਆ ਹੈ। ਈ ਡੀ ਨੇ ਪਿਛਲੇ ਦਸੰਬਰ ਵਿੱਚ ਮੁੰਬਈ, ਨਾਗਪੁਰ, ਗਾਂਧੀਨਗਰ ਤੇ ਵਡੋਦਰਾ ਵਿੱਚ 8 ਥਾਈਂ ਮਾਰੇ ਛਾਪਿਆਂ ਦੌਰਾਨ ਪਤਾ ਲਾਇਆ ਕਿ ਮੁੰਬਈ, ਨਾਗਪੁਰ ਤੇ ਵਡੋਦਰਾ ਵਿੱਚ ਤਿੰਨ ਅਦਾਰੇ ਕਮਿਸ਼ਨ ’ਤੇ ਬੰਦਿਆਂ ਨੂੰ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲੇ ਦਿਵਾ ਰਹੇ ਹਨ। ਕੈਨੇਡਾ ਦੇ 100 ਤੋਂ ਵੱਧ ਕਾਲਜਾਂ ਦੇ ਮਹਾਰਾਸ਼ਟਰ ਦੇ ਇੱਕ ਅਦਾਰੇ ਤੇ 112 ਦੇ ਇੱਕ ਹੋਰ ਅਦਾਰੇ ਨਾਲ ਗੱਠਜੋੜ ਦਾ ਪਤਾ ਲੱਗਾ ਹੈ। ਪਿਛਲੇ ਸਾਲ ਕੈਨੇਡਾ ਤੋਂ ਅਮਰੀਕਾ ਟੱਪਦੇ 14 ਹਜ਼ਾਰ ਤੋਂ ਵੱਧ ਭਾਰਤੀ ਫੜੇ ਗਏ ਸਨ। ਅਮਰੀਕਾ ਮੁਤਾਬਕ ਉੱਥੇ ਸਵਾ ਸੱਤ ਲੱਖ ਤੋਂ ਵੱਧ ਬਿਨਾਂ ਦਸਤਾਵੇਜ਼ ਵਾਲੇ ਭਾਰਤੀ ਰਹਿ ਰਹੇ ਹਨ।