ਚੰਡੀਗੜ੍ਹ/ਜ਼ੀਰਕਪੁਰ
(ਗੁਰਜੀਤ ਬਿੱਲਾ/ ਵਿਨੇ ਕੁਮਾਰ ਜੈਨ)
ਐਡੀਸ਼ਨਲ ਚੀਫ ਸੈਕਟਰੀ ਰੈਵੇਨਿਊ ਨੇ ਮੰਗਲਵਾਰ ਸੂਬੇ ਦੇ ਸਾਰੇ ਰੈਵੇਨਿਊ ਅਫਸਰਾਂ ਨੂੰ ਚਿਤਾਵਨੀ ਜਾਰੀ ਕੀਤੀ ਕਿ ਉਹ ਤੁਰੰਤ ਕੰਮ ’ਤੇ ਪਰਤ ਆਉਣ, ਨਹੀਂ ਤਾਂ ਮੁਅੱਤਲ ਕਰ ਦਿੱਤੇ ਜਾਣਗੇ। ਵਿਜੀਲੈਂਸ ਵੱਲੋਂ ਕੁਝ ਅਫਸਰਾਂ ਵਿਰੁੱਧ ਕਾਰਵਾਈ ਦੇ ਰੋਸ ਵਜੋਂ ਤਹਿਸੀਲਦਾਰਾਂ ਦੀ ਜਥੇਬੰਦੀ ਨੇ ਸ਼ੁੱਕਰਵਾਰ ਤਕ ਸਮੂਹਕ ਇਤਫਾਕੀਆ ਛੁੱਟੀ ’ਤੇ ਰਹਿਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਹਿਸੀਲਦਾਰਾਂ ਨੂੰ ਮੰਗਲਵਾਰ ਸ਼ਾਮ 5 ਵਜੇ ਤੱਕ ਡਿਊਟੀ ’ਤੇ ਪਰਤਣ ਦੇ ਆਦੇਸ਼ ਦਿੱਤੇ ਹਨ। ਨਾ ਪਰਤਣ ’ਤੇ ਸੇਵਾਵਾਂ ਖਤਮ ਕੀਤੇ ਜਾਣ ਦੀ ਚਿਤਾਵਨੀ ਵੀ ਦਿੱਤੀ ਹੈ।
ਮਾਨ ਨੇ ਅੰਦੋਲਨਕਾਰੀ ਤਹਿਸੀਲਦਾਰਾਂ ਖਿਲਾਫ਼ ਸਖ਼ਤ ਸਟੈਂਡ ਲੈਂਦਿਆਂ ਮੰਗਲਵਾਰ ਸਾਫ ਤੌਰ ’ਤੇ ਕਿਹਾ ਕਿ ਸੂਬਾ ਸਰਕਾਰ ਭਿ੍ਰਸ਼ਟ ਅਫਸਰਾਂ ਅੱਗੇ ਝੁਕੇਗੀ ਨਹੀਂ ਜੋ ਵੱਢੀਖੋਰੀ ਦੇ ਦੋਸ਼ਾਂ ’ਚ ਪੁਲਸ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।ਮੁੱਖ ਮੰਤਰੀ ਨੇ ਖਰੜ, ਬਨੂੜ ਤੇ ਜ਼ੀਰਕਪੁਰ ਦੇ ਤਹਿਸੀਲ ਦਫ਼ਤਰਾਂ ਵਿਖੇ ਰਜਿਸਟਰੀਆਂ ਦਾ ਕੰਮ ਸ਼ੁਰੂ ਕਰਵਾਉਣ ਲਈ ਇਨ੍ਹਾਂ ਤਹਿਸੀਲਾਂ ਦਾ ਤੂਫਾਨੀ ਦੌਰਾ ਕੀਤਾ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਰਕਾਰ ਦੀ ਬਾਂਹ ਮਰੋੜਨ ਦੀਆਂ ਕੋਝੀਆਂ ਚਾਲਾਂ ਅੱਗੇ ਝੁਕਾਂਗੇ ਨਹੀਂ ਅਤੇ ਇਨ੍ਹਾਂ ਭਿ੍ਰਸ਼ਟ ਤੇ ਘਮੰਡੀ ਅਫਸਰਾਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ।ਉਨ੍ਹਾ ਕਿਹਾ ਕਿ ਸੂਬਾ ਸਰਕਾਰ ਆਉਦੇ ਦਿਨਾਂ ਵਿੱਚ ਨਵੇਂ ਤਹਿਸੀਲਦਾਰ ਤੇ ਮਾਲ ਅਧਿਕਾਰੀ ਭਰਤੀ ਕਰੇਗੀ, ਜਿਸ ਲਈ ਕੈਬਨਿਟ ਵਿੱਚ ਏਜੰਡਾ ਲਿਆਂਦਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਮੂਹਿਕ ਛੁੱਟੀ ਉਤੇ ਗਏ ਇਨ੍ਹਾਂ ਅਫਸਰਾਂ ਨੂੰ ਇਕ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਛੁੱਟੀ ਤੋਂ ਬਾਅਦ ਉਨ੍ਹਾਂ ਨੇ ਕਦੋਂ ਤੇ ਕਿੱਥੇ ਜੁਆਇਨ ਕਰਨਾ ਹੈ, ਇਸ ਦਾ ਫੈਸਲਾ ਹੁਣ ਲੋਕ ਕਰਨਗੇ।ਉਨ੍ਹਾ ਕਿਹਾ ਕਿ ਸੂਬਾ ਸਰਕਾਰ ਕੋਲ ਅਜਿਹੀਆਂ ਚਾਲਾਂ ਨਾਲ ਸਿੱਝਣ ਲਈ ਪਲਾਨ-ਬੀ ਤਿਆਰ ਹੈ ਅਤੇ ਜੇਕਰ ਲੋੜ ਪਈ ਤਾਂ ਸਰਕਾਰ ਤਹਿਸੀਲਦਾਰਾਂ ਦੀਆਂ ਸ਼ਕਤੀਆਂ ਅਧਿਆਪਕਾਂ ਤੇ ਪ੍ਰੋਫੈਸਰਾਂ ਨੂੰ ਦੇਣ ਤੋਂ ਵੀ ਪਿੱਛੇ ਨਹੀਂ ਹਟੇਗੀ ਤਾਂ ਕਿ ਰਜਿਸਟਰੀ ਦੇ ਕੰਮਕਾਜ ਨੂੰ ਨਿਰਵਿਘਨ ਜਾਰੀ ਰੱਖਿਆ ਜਾ ਸਕੇ।ਮੁੱਖ ਮੰਤਰੀ ਨੇ ਕਿਹਾ ਕਿ ਇਹ ਅਫਸਰ ਸੂਬਾ ਸਰਕਾਰ ਤੋਂ ਮੋਟੀਆਂ ਤਨਖਾਹਾਂ ਲੈ ਰਹੇ ਹਨ ਪਰ ਲੋਕਾਂ ਨੂੰ ਸੇਵਾਵਾਂ ਨਹੀਂ ਦੇ ਰਹੇ।ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ 10 ਦਿਨਾਂ ਲਈ ਉਹ ਕੰਮ ਨੂੰ ਸੁਚਾਰੂ ਬਣਾਉਣ ਲਈ ਸੂਬੇ ਭਰ ਦੀਆਂ ਵੱਖ-ਵੱਖ ਤਹਿਸੀਲਾਂ ਦਾ ਦੌਰਾ ਕਰਨਗੇ।





