ਨਵੀਂ ਦਿੱਲੀ : ਪੰਜਾਬ ਪੁਲਸ ਨੇ ਮੰਗਲਵਾਰ ਤੜਕੇ ਸੂਬੇ ਭਰ ਵਿੱਚ ਛਾਪੇ ਮਾਰ ਕੇ ਸੈਂਕੜੇ ਕਿਸਾਨ ਆਗੂਆਂ ਤੇ ਸਰਗਰਮ ਵਰਕਰਾਂ ਨੂੰ ਗਿ੍ਰਫਤਾਰ ਕਰ ਲਿਆ ਜਾਂ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ। ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ), ਜਿਸਨੇ ਆਪਣੀਆਂ ਮੰਗਾਂ ਮਨਾਉਣ ਲਈ ਪੰਜ ਮਾਰਚ ਤੋਂ ਚੰਡੀਗੜ੍ਹ ’ਚ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ, ਨਾਲ ਸੋਮਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਪੁਲਸ ਨੇ ਛਾਪੇਮਾਰੀ ਕੀਤੀ। ਫੜੇ ਤੇ ਨਜ਼ਰਬੰਦ ਕੀਤੇ ਗਏ ਆਗੂਆਂ ਵਿੱਚ ਕੁਲਵੰਤ ਸਿੰਘ ਮੌਲਵੀਵਾਲਾ, ਰੁਲਦੂ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗੂ ਤੇ ਪਰਮਦੀਪ ਸਿੰਘ ਬੈਦਵਾਨ ਸ਼ਾਮਲ ਹਨ। ਬੀ ਕੇ ਯੂ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਪੁਲਸ ਕਾਰਵਾਈ ਦੇ ਬਾਵਜੂਦ ਪ੍ਰੋਟੈੱਸਟ ਹੋ ਕੇ ਰਹੇਗਾ। ਗੱਲਬਾਤ ਫੇਲ੍ਹ ਹੋਣ ਤੋਂ ਬਾਅਦ ਕਿਸਾਨ ਆਗੂਆਂ ਨੂੰ ਅਜਿਹੇ ਐਕਸ਼ਨ ਦਾ ਅੰਦੇਸ਼ਾ ਸੀ, ਇਸ ਕਰਕੇ ਬਹੁਤੇ ਆਗੂ ਪਹਿਲਾਂ ਹੀ ਉਰੇ-ਪਰੇ ਹੋ ਗਏ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਛਾਪਿਆਂ ਨੂੰ ਜਮਹੂਰੀਅਤ ’ਤੇ ਹਮਲਾ ਕਰਾਰ ਦਿੱਤਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਲਈ ਜਿੱਥੇ ਪੰਜਾਬ ਨਾਲ ਲੱਗਦੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ, ਉਥੇ ਪੰਜਾਬ ਤੋਂ ਚੰਡੀਗੜ੍ਹ ਲਈ ਟਰੈਫਿਕ ਅਡਵਾਈਜ਼ਰੀ ਵੀ ਜਾਰੀ ਕੀਤੀ ਹੈ।
ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾਰਾਏ, ਸੀਨੀਅਰ ਮੀਤ ਪ੍ਰਧਾਨ ਹਰਭਜਨ ਛੱਪੜੀ ਵਾਲਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ, ਸੂਬਾ ਸਕੱਤਰ ਸੁਖਵਿੰਦਰ ਸਿੰਘ ਮਲੋਟ ਨੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸਰੀ ਅਤੇ ਸੂਬਾ ਪ੍ਰਧਾਨ ਕਰਮਵੀਰ ਕੌਰ ਬੱਧਣੀ ਸਮੇਤ ਹੋਰਨਾਂ ਕਿਸਾਨ ਅਤੇ ਨੌਜਵਾਨ ਆਗੂਆਂ ਦੇ ਘਰਾਂ ਵਿੱਚ ਪੁਲਸ ਵੱਲੋਂ ਕੀਤੀ ਛਾਪੇਮਾਰੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।ਆਗੂਆਂ ਨੇ ਕਿਹਾ ਕਿ ਗਿ੍ਰਫਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ।ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸੂਬਾ ਸਕੱਤਰੇਤ ਮੈਂਬਰ ਜਗਵਿੰਦਰ ਕਾਕਾ, ਗੁਰਜੀਤ ਕੌਰ ਸਰਦੂਲਗੜ੍ਹ, ਨਵਜੀਤ ਸੰਗਰੂਰ, ਵਿਸ਼ਾਲ ਵਲਟੋਹਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਮੀਤ ਪ੍ਰਧਾਨ ਗੁਰਜੰਟ ਸਿੰਘ, ਰਾਹੁਲ ਗਰਗ, ਆਦਿ ਵੀ ਹਾਜ਼ਰ ਸਨ।
ਪਾਤੜਾਂ (ਨਿਸ਼ਾਨ ਸਿੰਘ ਬਣਵਾਲਾ) : ਪੁਲਸ ਨੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ (1936) ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾ ਦੇ ਘਰ ਵਿੱਚ ਨਜ਼ਰਬੰਦ ਕਰਨ ਦੇ ਨਾਲ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪਟਿਆਲਾ ਦੇ ਜਨਰਲ ਸਕੱਤਰ ਦਲਜਿੰਦਰ ਸਿੰਘ ਹਰਿਆਊ ਨੂੰ ਹਿਰਾਸਤ ਵਿੱਚ ਲੈ ਲਿਆ।
ਥਾਣਾ ਮੁਖੀ ਜਸਪਾਲ ਸ਼ਰਮਾ ਅਤੇ ਸਿਟੀ ਪੁਲਸ ਚੌਂਕੀ ਪਾਤੜਾਂ ਦੇ ਇੰਚਾਰਜ ਹਰਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਕਿਸਾਨ ਆਗੂ ਕੁਲਵੰਤ ਸਿੰਘ ਮੌਲਵੀਵਾਲਾ ਦੇ ਘਰ ਵਿਖੇ ਤੜਕਸਾਰ ਕਰੀਬ ਪੌਣੇ ਪੰਜ ਵਜੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਜਦੋਂ ਕਿ ਦਲਜਿੰਦਰ ਸਿੰਘ ਹਰਿਆਊ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਪਾਤੜਾਂ ਵਿਖੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪੁਲਸ ਨੇ ਸਬ ਡਵੀਜ਼ਨ ਪਾਤੜਾਂ ਵਿੱਚ ਕਈ ਕਿਸਾਨ ਆਗੂਆਂ ਦੇ ਘਰਾਂ ਉੱਤੇ ਛਾਪੇਮਾਰੀ ਕੀਤੀ ਪਰ ਕਿਸੇ ਵੀ ਹੋਰ ਕਿਸਾਨ ਆਗੂ ਦੇ ਪੁਲਸ ਦੇ ਹੱਥ ਲੱਗਣ ਦੀ ਕੋਈ ਸੂਚਨਾ ਨਹੀਂ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਹਰਿਆਊ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਲਗਾਏ ਜਾਣ ਵਾਲੇ ਪੱਕੇ ਮੋਰਚੇ ਵਿੱਚ ਕਿਸਾਨ ਹਰ ਹਾਲਤ ਵਿੱਚ ਪਹੁੰਚਣਗੇ।
ਲੁਧਿਆਣਾ (ਐਮ ਐਸ ਭਾਟੀਆ) : ਗਿ੍ਰਫਤਾਰੀਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸੀ ਪੀ ਆਈ ਜ਼ਿਲ੍ਹਾ ਲੁਧਿਆਣਾ ਦੇ ਆਗੂਆਂ ਨੇ ਕਿਹਾ ਹੈ ਕਿ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕਰਕੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਕਿਸਾਨ ਮਸਲਿਆਂ ਨੂੰ ਹੱਲ ਕਰਨ ਦੀ ਪਹਿਲ ਕਦਮੀ ਕਰਨੀ ਚਾਹੀਦੀ ਹੈ।
ਪਾਰਟੀ ਦੇ ਜ਼ਿਲ੍ਹਾ ਸਕੱਤਰ ਡੀ ਪੀ ਮੌੜ, ਸਹਾਇਕ ਸਕੱਤਰ ਚਮਕੌਰ ਸਿੰਘ ਅਤੇ ਡਾਕਟਰ ਅਰੁਣ ਮਿੱਤਰਾ, ਲੁਧਿਆਣਾ ਸ਼ਹਿਰੀ ਸਕੱਤਰ ਐਮ ਐਸ ਭਾਟੀਆ, ਰਮੇਸ਼ ਰਤਨ, ਕੇਵਲ ਸਿੰਘ ਬਨਵੈਤ ਅਤੇ ਵਿਜੇ ਕੁਮਾਰ ਨੇ ਕਿਹਾ ਕਿ ਪਾਰਟੀ ਕਿਸਾਨਾਂ ਨਾਲ ਖੜ੍ਹੀ ਹੈ।
ਪਟਿਆਲਾ (ਰਾਜਿੰਦਰ ਸਿੰਘ ਥਿੰਦ) : ਮੰਗਲਵਾਰ ਭਾਕਿਯੂ ਏਕਤਾ-ਉਗਰਾਹਾਂ ਅਤੇ ਭਾਕਿਯੂ ਡਕੌਂਦਾ ਧਨੇਰ ਦੇ ਸਾਂਝੇ ਸੱਦੇ ਤਹਿਤ 18 ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਭਗਵੰਤ ਮਾਨ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਜਥੇਬੰਦੀਆਂ ਦੇ ਜਨਰਲ ਸਕੱਤਰਾਂ ਕ੍ਰਮਵਾਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਇਸ ਕਿਸਾਨ ਵਿਰੋਧੀ ਵਤੀਰੇ ਖਿਲਾਫ ਕਿਸਾਨਾਂ ਅੰਦਰ ਭਾਰੀ ਰੋਸ ਤੇ ਗੁੱਸਾ ਦੇਖਣ ਨੂੰ ਮਿਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਵੱਖ-ਵੱਖ ਕਿਸਾਨ ਯੂਨੀਅਨਾਂ ਵਿਚਕਾਰ ‘ਕ੍ਰੈਡਿਟ ਵਾਰ’ ਚੱਲ ਰਹੀ ਹੈ ਜੋ ਬਰਾਬਰ ਸਰਕਾਰ ਚਲਾ ਕੇ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।ਉਨ੍ਹਾ ਮੁੜ ਕਿਹਾ ਕਿ ਸਰਕਾਰ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸੰਬੰਧਤ ਮੁੱਦਿਆਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਲਈ ਹਮੇਸ਼ਾ ਤਿਆਰ ਹੈ।ਹਾਲਾਂਕਿ, ਮਾਨ ਨੇ ਕਿਹਾ ਕਿ ਰੇਲਾਂ ਜਾਂ ਸੜਕਾਂ ਰੋਕ ਕੇ ਆਮ ਲੋਕਾਂ ਨੂੰ ਮੁਸੀਬਤ ਵਿੱਚ ਪਾਉਣ ਤੋਂ ਬਚਣਾ ਚਾਹੀਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਕਾਰਵਾਈ ਆਮ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੰਦੀ ਹੈ, ਜਿਸ ਕਾਰਨ ਉਹ ਅੰਦੋਲਨਕਾਰੀਆਂ ਦੇ ਵਿਰੁੱਧ ਹੋ ਜਾਂਦੇ ਹਨ, ਜਿਸ ਨਾਲ ਸਮਾਜ ਵਿੱਚ ਫੁੱਟ ਪੈਦਾ ਹੁੰਦੀ ਹੈ।ਮਾਨ ਨੇ ਕਿਹਾ ਕਿ ਬਦਕਿਸਮਤੀ ਨਾਲ ਆਮ ਲੋਕਾਂ ਨੂੰ ਅਜਿਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਬਹੁਤ ਨੁਕਸਾਨ ਝੱਲਣਾ ਪੈਂਦਾ ਹੈ ਜੋ ਕਿ ਪੂਰੀ ਤਰ੍ਹਾਂ ਗੈਰ-ਵਾਜਬ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਪਰ ਉਨ੍ਹਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਸ ਕਾਰਵਾਈ ਨਾਲ ਸੂਬੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ।





