ਸਮਰਾਲਾ (ਸੁਰਜੀਤ ਸਿੰਘ)
ਅਗਲੇ ਕਿਸਾਨੀ ਸੰਘਰਸ਼ ਲਈ ਸੰਯੁਕਤ ਕਿਸਾਨ ਮੋਰਚੇ ਦੀ ਵੀਰਵਾਰ ਲੁਧਿਆਣਾ ਵਿਖੇ ਹੋਈ ਮੀਟਿੰਗ ਵਿਚ ਕਿਸਾਨ ਆਗੂਆਂ ਨੇ ਜਿਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਕਿਸਾਨੀ ਪ੍ਰਤੀ ਰਵੱਈਏ ਦੀ ਸਖ਼ਤ ਨਿਖੇਧੀ ਕੀਤੀ, ਉਥੇ ਅਗਲੇ ਕਿਸਾਨੀ ਸੰਘਰਸ਼ ਦਾ ਵੀ ਐਲਾਨ ਕੀਤਾ ਹੈ। ਸੰਯੁਕਤ ਮੋਰਚੇ ਦੇ ਸੀਨੀਅਰ ਆਗੂ ਅਤੇ ਬੀ ਕੇ ਯੂ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਭਗਵੰਤ ਮਾਨ ਦੇ ਕਿਸਾਨ ਵਿਰੋਧੀ ਰਵੱਈਏ ਖਿਲਾਫ 10 ਮਾਰਚ ਨੂੰ ਪੰਜਾਬ ਦੇ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਮੂਹਰੇ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਹਨਾਂ ਮੁਜ਼ਾਹਰਿਆਂ ਰਾਹੀਂ ਸਖ਼ਤੀ ਨਾਲ ਇਹ ਤਾਕੀਦ ਕੀਤੀ ਜਾਵੇਗੀ ਕਿ ਉਹ ਕਿਸਾਨੀ ਪ੍ਰਤੀ ਆਪਣਾ ਵਿਰੋਧੀ ਰਵੱਈਆ ਬਦਲੇ। ਜੇਕਰ ਫੇਰ ਵੀ ਉਹਨਾ ਦੇ ਕਿਸਾਨ ਵਿਰੋਧੀ ਰਵੱਈਏ ਵਿਚ ਤਬਦੀਲੀ ਨਾ ਆਈ ਤਾਂ 15 ਮਾਰਚ ਤੋਂ ਕਿਸਾਨੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਜ਼ਲੀਲ ਕੀਤਾ ਹੈ, ਜੋ ਕਿ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਮਾਰਚ ਨੂੰ ਚੰਡੀਗ੍ਹੜ ਵਿਖੇ ਪੱਕਾ ਮੋਰਚਾ ਲਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਨੂੰ 3 ਮਾਰਚ ਨੂੰ ਮੀਟਿੰਗ ਲਈ ਸੱਦਿਆ, ਪਰ ਗੱਲਬਾਤ ਸਿਰੇ ਨਾ ਚੜ੍ਹਨ ਕਰਕੇ ਸੰਯੁਕਤ ਕਿਸਾਨ ਮੋਰਚਾ 5 ਮਾਰਚ ਦੇ ਧਰਨੇ ’ਤੇ ਅਡਿੱਗ ਰਿਹਾ। ਕਿਸਾਨੀ ਸੰਘਰਸ਼ ਨੂੰ ਅਸਫਲ ਬਣਾਉਣ ਲਈ ਸਰਕਾਰ ਨੇ 4 ਮਾਰਚ ਅੱਧੀ ਰਾਤ ਨੂੰ ਕਿਸਾਨ ਆਗੂਆਂ ਦੀ ਫੜੋਫੜੀ ਸ਼ੁਰੂ ਕਰ ਦਿੱਤੀ। ਸਿੱਟੇ ਵਜੋਂ ਕਿਸਾਨ ਕਾਫ਼ਲਿਆਂ ਨੂੰ ਜਿੱਥੇ ਰੋਕਿਆ ਗਿਆ, ਉਹ ਉਥੇ ਹੀ ਸੜਕ ’ਤੇ ਦਰੀਆਂ ਵਿਛਾ ਕੇ ਧਰਨੇ ’ਤੇ ਬੈਠ ਗਏ।




