ਸ੍ਰੀ ਸੁਖਮਨੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਦਾ ਨੀਂਹ ਪੱਥਰ ਰੱਖਿਆ

0
157

ਡੇਰਾ ਬੱਸੀ (ਵਿਨੈ ਕੁਮਾਰ ਜੈਨ)
‘ਸਿਹਤਮੰਦ ਪੰਜਾਬ’ ਦੇ ਮਿਸ਼ਨ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਗਾਰੰਟੀ ਨੂੰ ਸਫਲਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ, ਤਾਂ ਕਿ ਕੋਈ ਵੀ ਪੰਜਾਬੀ ਇਲਾਜ ਕਰਵਾਉਣ ਤੋਂ ਵਾਂਝਾ ਨਾ ਰਹੇ।ਇੱਥੇ ਸ੍ਰੀ ਸੁਖਮਨੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸੰਭਾਲ ਕਿਸੇ ਵੀ ਖੁਸ਼ਹਾਲ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਅਤੇ ਸੂਬਾ ਸਰਕਾਰ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੈਡੀਕਲ ਕਾਲਜ ਸਥਾਪਤ ਕਰ ਰਹੀ ਹੈ, ਤਾਂ ਕਿ ਸਾਡੇ ਬੱਚੇ ਇੱਥੇ ਹੀ ਡਾਕਟਰੀ ਸਿੱਖਿਆ ਹਾਸਲ ਕਰਕੇ ਲੋਕਾਂ ਦੀ ਸੇਵਾ ਕਰ ਸਕਣ। ਸਿਹਤ ਖੇਤਰ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਭਰ ਵਿੱਚ 881 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ, ਜਿਨ੍ਹਾਂ ਸੂਬੇ ਵਿੱਚ ਸਿਹਤ ਸੰਭਾਲ ਖੇਤਰ ਦੇ ਵਿੱਚ ਕ੍ਰਾਂਤੀ ਲਿਆਂਦੀ ਹੈ।ਡੇਰਾ ਬੱਸੀ ਵਿਖੇ ਬਣਨ ਵਾਲੇ ਇਸ ਮੈਡੀਕਲ ਕਾਲਜ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਇਹ ਦੂਜਾ ਮੈਡੀਕਲ ਕਾਲਜ ਹੋਵੇਗਾ, ਜਦਕਿ ਇਸ ਤੋਂ ਪਹਿਲਾਂ ਮੁਹਾਲੀ ਵਿਖੇ ਡਾ. ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸਥਾਪਤ ਕੀਤਾ ਗਿਆ ਹੈ।ਮੈਡੀਕਲ ਕਾਲਜ ਦੀ ਮਹੱਤਤਾ ਦਾ ਜ਼ਿਕਰ ਕਰਿਦਆਂ ਮਾਨ ਨੇ ਕਿਹਾ ਕਿ ਨੀਂਹ ਪੱਥਰ ਰੱਖਣ ਨਾਲ ਅਸੀਂ ਸਿਰਫ਼ ਇਹ ਇਮਾਰਤ ਨਹੀਂ ਬਣਾ ਰਹੇ, ਸਗੋਂ ਅਸੀਂ ‘ਸਿਹਤਮੰਦ ਪੰਜਾਬ’ ਲਈ ਇਕ ਹੋਰ ਮੀਲ ਪੱਥਰ ਕਾਇਮ ਕਰ ਰਹੇ ਹਾਂ। ਆਪਣੇ ਕਾਲਜ ਦੇ ਦਿਨਾਂ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਵੱਖ-ਵੱਖ ਯੁਵਕ ਮੇਲਿਆਂ ਵਿੱਚ ਪ੍ਰਦਰਸ਼ਨ ਕੀਤਾ ਅਤੇ ਕਾਲਜ ਲਈ ਟਰਾਫੀਆਂ ਜਿੱਤੀਆਂ ਉਹਨਾ ਕਿਹਾ ਕਿਜਿੱਤਣਾ ਹੀ ਮੇਰਾ ਇਕੋ-ਇਕ ਜਨੂੰਨ ਹੈ ਅਤੇ ਜਿੱਤ ਲਈ ਮੈਂ ਹਮੇਸ਼ਾ ਸਕਾਰਾਤਮਕ ਸੋਚ ਰੱਖੀ ਹੈ।ਨਾਂਹ-ਪੱਖੀ ਸੋਚ ਵਾਲੇ ਲੋਕਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ। ਨੌਜਵਾਨਾਂ ਨੂੰ ਵੀ ਦਿ੍ਰੜ੍ਹਤਾ ਨਾਲ ਕੰਮ ਕਰਨ ਅਤੇ ਮਿਹਨਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ, ਕਿਉਕਿ ਇਹੀ ਸਫਲਤਾ ਦੀ ਕੁੰਜੀ ਹੈ।