ਅੰਮਿ੍ਰਤਸਰ : ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਰਾਜਨੀਤੀ ਵਿੱਚ ਵੱਧ ਤੋਂ ਵੱਧ ਅੱਗੇ ਆਉਣ। ਉਨ੍ਹਾ ਕਿਹਾ ਕਿ ਜਿਵੇਂ ਔਰਤਾਂ ਤੋਂ ਬਿਨਾਂ ਘਰ ਨਹੀਂ ਚੱਲ ਸਕਦਾ, ਉਸੇ ਤਰ੍ਹਾਂ ਔਰਤਾਂ ਤੋਂ ਬਿਨਾਂ ਦੇਸ਼ ਵੀ ਨਹੀਂ ਚੱਲ ਸਕਦਾ। ਕੌਮਾਂਤਰੀ ਮਹਿਲਾ ਦਿਵਸ ਮੌਕੇ ਸਥਾਨਕ ਖਾਲਸਾ ਕਾਲਜ ਮਹਿਲਾ ਵਿਖੇ ਸਮਾਗਮ ਨੂੰ ਸੰਬੋਧਨ ਦੌਰਾਨ ਉਨ੍ਹਾ ਕਿਹਾ ਕਿ ਔਰਤਾਂ ਤੋਂ ਬਿਨਾਂ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾ ਕਾਲਜ ਦੀਆਂ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਆਪਣੀਆਂ ਰੋਲ ਮਾਡਲ ਖੁਦ ਬਣਨ, ਤਾਂ ਜੋ ਸਮਾਜ ਵਿੱਚਂੋ ਮੁੰਡੇ-ਕੁੜੀ ਵਿੱਚ ਭੇਦਭਾਵ ਵਾਲੀ ਸੋਚ ਨੂੰ ਬਦਲਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਫਾਇਰ ਸੇਫਟੀ ਐਕਟ ਵਿੱਚ ਸੋਧ ਕੀਤੀ ਗਈ ਹੈ, ਜਿਸ ਨਾਲ ਹੁਣ ਕੁੜੀਆਂ ਨੂੰ ਵੀ ਫਾਇਰ ਬਿ੍ਰਗੇਡ ਸੇਵਾਵਾਂ ਵਿੱਚ ਅੱਗੇ ਆਉਣ ਦਾ ਮੌਕਾ ਮਿਲੇਗਾ ਅਤੇ ਇਸ ਨਾਲ ਪੰਜਾਬ ਪਹਿਲਾ ਅਜਿਹਾ ਸੂਬਾ ਬਣੇਗਾ, ਜਿੱਥੇ ਫਾਇਰ ਬਿ੍ਰਗੇਡ ਸੇਵਾਵਾਂ ਵਿੱਚ ਕੁੜੀਆਂ ਵੀ ਸ਼ਾਮਲ ਹੋਣਗੀਆਂ। ਇਸ ਦੌਰਾਨ ਮੁੱਖ ਮੰਤਰੀ ਨੇ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।