ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਕਿਹਾ ਕਿ ਇੱਕ ਨਾਬਾਲਗ ਬੱਚੀ ਨੂੰ ਗਰਭ ਧਾਰਨ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਸ ਨੇ ਕੇਂਦਰ ਨੂੰ ਫਟਕਾਰ ਲਗਾਉਂਦੇ ਹੋਏ ਜਬਰ-ਜ਼ਨਾਹ ਪੀੜਤਾਂ ਨੂੰ 20 ਹਫਤਿਆਂ ਤੋਂ ਬਾਅਦ ਵੀ ਅਣਚਾਹੇ ਗਰਭ ਨੂੰ ਖਤਮ ਕਰਨ ਦੀ ਇਜਾਜ਼ਤ ਦੇਣ ਲਈ ਕਾਨੂੰਨ ਵਿੱਚ ਸੋਧ ਕਰਨ ਲਈ ਕਿਹਾ। ਬਲਾਤਕਾਰ ਵਰਗੇ ਮਾਮਲਿਆਂ ਵਿੱਚ ਗਰਭਪਾਤ ਲਈ 24 ਹਫਤਿਆਂ ਦੀ ਕਾਨੂੰਨੀ ਸੀਮਾ ਨਹੀਂ ਹੋਣੀ ਚਾਹੀਦੀ ਅਤੇ ਕਾਨੂੰਨ ਨੂੰ ਬਦਲਦੇ ਸਮੇਂ ਦੇ ਨਾਲ ਚੱਲਣਾ ਚਾਹੀਦਾ ਹੈ।
ਜਬਰ-ਜ਼ਨਾਹ ਪੀੜਤਾਂ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ ਅਤੇ ਉਨ੍ਹਾਂ ਦੇ ਸਰੀਰਾਂ ਉੱਤੇ ਖੁਦਮੁਖਤਿਆਰੀ ਦੇ ਮੁੱਦੇ ਲਈ ਦੂਰਗਾਮੀ ਪ੍ਰਭਾਵਾਂ ਵਾਲੇ ਇੱਕ ਫੈਸਲੇ ਵਿੱਚ, ਚੀਫ ਜਸਟਿਸ ਸੂਰੀਆ ਕਾਂਤ ਅਤੇ ਜਸਟਿਸ ਜੋਏਮਾਲਿਆ ਬਾਗਚੀ ਦੀ ਬੈਂਚ ਨੇ ਏਮਜ਼ ਦੀ ਉਸ ਪਟੀਸ਼ਨ ‘ਤੇ ਸਖਤ ਇਤਰਾਜ਼ ਜਤਾਇਆ, ਜਿਸ ਵਿੱਚ ਇੱਕ 15 ਸਾਲਾ ਕੁੜੀ ਨੂੰ ਉਸ ਦੀ 30 ਹਫਤਿਆਂ ਦੀ ਗਰਭ ਅਵਸਥਾ ਨੂੰ ਡਾਕਟਰੀ ਤੌਰ ‘ਤੇ ਖਤਮ ਕਰਨ ਦੀ ਇਜਾਜ਼ਤ ਦੇਣ ਵਾਲੇ ਸੁਪਰੀਮ ਕੋਰਟ ਦੇ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਚੀਫ ਜਸਟਿਸ ਨੇ ਕਿਹਾ, ”ਕਿਰਪਾ ਕਰਕੇ ਆਪਣੇ ਕਾਨੂੰਨ ਵਿੱਚ ਸੋਧ ਕਰੋ ਕਿ ਜਦੋਂ ਜਬਰ-ਜ਼ਨਾਹ ਕਾਰਨ ਗਰਭ ਅਵਸਥਾ ਹੁੰਦੀ ਹੈ, ਤਾਂ ਸਮੇਂ ਦੀ ਕੋਈ ਸੀਮਾ ਨਹੀਂ ਹੋਵੇਗੀ। ਕਾਨੂੰਨ ਨੂੰ ਜੈਵਿਕ ਅਤੇ ਬਦਲਦੇ ਸਮੇਂ ਦੇ ਨਾਲ ਤਾਲਮੇਲ ਵਿੱਚ ਵਿਕਸਤ ਹੋਣ ਦੀ ਲੋੜ ਹੈ। ਕਾਨੂੰਨ ਵਿੱਚ ਇਹ ਵੀ ਸੋਧ ਕਰੋ ਕਿ ਅਜਿਹੇ ਟਰਾਇਲ (ਮੁਕੱਦਮੇ) ਇੱਕ ਹਫਤੇ ਦੇ ਅੰਦਰ ਪੂਰੇ ਕੀਤੇ ਜਾਣ। ਬੱਚਾ ਟਰਾਇਲ ਦੇ ਲੰਬਤ ਸਦਮੇ ਨੂੰ ਵੀ ਕਿਉਂ ਝੱਲੇ।”
ਅਦਾਲਤ ਨੇ ਆਪਣੀਆਂ ਭਾਵੁਕ ਟਿੱਪਣੀਆਂ ਵਿੱਚ ਕਿਹਾ ਕਿ ਇਹ ਬਾਲ ਜਬਰ-ਜ਼ਨਾਹ ਦਾ ਮਾਮਲਾ ਹੈ ਅਤੇ ਜੇ ਗਰਭਪਾਤ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਪੀੜਤ ਨੂੰ ਉਮਰ ਭਰ ਦਾ ਦਾਗ ਅਤੇ ਸਦਮਾ ਲੱਗੇਗਾ। ਜੇ ਮਾਂ ਨੂੰ ਸਥਾਈ ਅਪਾਹਜਤਾ ਨਹੀਂ ਹੈ ਤਾਂ ਗਰਭਪਾਤ ਕੀਤਾ ਜਾਣਾ ਚਾਹੀਦਾ ਹੈ। ਬੈਂਚ ਨੇ ਕਿਹਾ, ”ਇਹ ਇੱਕ ਕਿਊਰੇਟਿਵ ਪਟੀਸ਼ਨ ਹੈ। ਅਣਚਾਹੇ ਗਰਭ ਨੂੰ ਕਿਸੇ ਵਿਅਕਤੀ ‘ਤੇ ਥੋਪਿਆ ਨਹੀਂ ਜਾ ਸਕਦਾ। ਕਲਪਨਾ ਕਰੋ… ਉਹ ਇੱਕ ਬੱਚੀ ਹੈ। ਉਸ ਨੂੰ ਹੁਣ ਪੜ੍ਹਨਾ ਚਾਹੀਦਾ ਹੈ। ਪਰ ਅਸੀਂ ਉਸ ਨੂੰ ਮਾਂ ਬਣਾਉਣਾ ਚਾਹੁੰਦੇ ਹਾਂ। ਕਲਪਨਾ ਕਰੋ ਕਿ ਬੱਚੇ ਨੇ ਇਸ ਵਿੱਚ ਕਿੰਨਾ ਦਰਦ, ਕਿੰਨੀ ਜ਼ਿਲਤ ਝੱਲੀ ਹੈ।”
ਇਸ ਨੇ ਏਮਜ਼ ਨੂੰ ਪੀੜਤ ਦੇ ਮਾਪਿਆਂ ਦੀ ਕਾਉਂਸਲਿੰਗ ਕਰਨ ਲਈ ਕਿਹਾ ਅਤੇ ਕਿਹਾ ਕਿ ਫੈਸਲਾ ਸੰਬੰਧਤ ਵਿਅਕਤੀ ਦਾ ਹੋਣਾ ਚਾਹੀਦਾ ਹੈ।
ਕੋਰਟ ਨੇ ਕਿਹਾ, ”ਗੋਦ ਲੈਣ ਲਈ ਬੱਚੇ ਹਨ। ਇਸ ਦੇਸ਼ ਵਿੱਚ ਸਾਡੇ ਕੋਲ ਬਹੁਤ ਹਮਦਰਦੀ ਹੈ… ਸੜਕਾਂ ‘ਤੇ ਲਾਵਾਰਸ, ਛੱਡੇ ਹੋਏ ਬੱਚੇ ਹਨ ਅਤੇ ਇੱਥੋਂ ਤੱਕ ਕਿ ਇਸ ‘ਤੇ ਮਾਫੀਆ ਵੀ ਹਨ। ਸਾਨੂੰ ਉਨ੍ਹਾਂ ਵੱਲ ਦੇਖਣਾ ਹੋਵੇਗਾ। ਇਹ ਇੱਕ 15 ਸਾਲਾ ਬੱਚੀ ਦੀ ਅਣਚਾਹੀ ਗਰਭ ਅਵਸਥਾ ਹੈ।”
ਕਾਰਵਾਈ ਦੌਰਾਨ ਏਮਜ਼ ਦੇ ਇੱਕ ਡਾਕਟਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਬੱਚਾ ਬਨਾਮ ਭਰੂਣ ਨਹੀਂ, ਬਲਕਿ ਬੱਚਾ ਬਨਾਮ ਬੱਚਾ ਹੈ। ਏਮਜ਼ ਵੱਲੋਂ ਪੇਸ਼ ਹੋਈ ਐਡੀਸ਼ਨਲ ਸਾਲੀਸਿਟਰ ਜਨਰਲ ਐਸ਼ਵਰਿਆ ਭਾਟੀ ਨੇ ਕਿਊਰੇਟਿਵ ਪਟੀਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਰਭ ਅਵਸਥਾ ਨੂੰ ਖਤਮ ਕਰਨਾ ਸੰਭਵ ਨਹੀਂ ਹੈ।
ਭਾਟੀ ਨੇ ਕਿਹਾ, ”ਇਹ ਗੰਭੀਰ ਵਿਕਾਰਾਂ ਵਾਲਾ ਇੱਕ ਜੀਵਤ ਬੱਚਾ ਹੋਵੇਗਾ। ਨਾਬਾਲਗ ਮਾਂ ਨੂੰ ਉਮਰ ਭਰ ਸਿਹਤ ਸੰਬੰਧੀ ਸਮੱਸਿਆਵਾਂ ਹੋਣਗੀਆਂ ਅਤੇ ਉਹ ਦੁਬਾਰਾ ਜਣਨ ਨਹੀਂ ਕਰ ਸਕੇਗੀ… ਇਹ ਬੱਚਾ ਗੋਦ ਦਿੱਤਾ ਜਾ ਸਕਦਾ ਹੈ। ਹੁਣ 30 ਹਫਤੇ ਹੋ ਗਏ ਹਨ। ਇਹ ਹੁਣ ਇੱਕ ਜੀਵਨ ਬਣ ਚੁੱਕਾ ਹੈ। ਭਾਟੀ ਨੇ ਨਾਬਾਲਗ ਅਤੇ ਉਸ ਦੇ ਮਾਪਿਆਂ ਨਾਲ ਕਾਉਂਸਲਿੰਗ ਲਈ ਅਦਾਲਤ ਤੋਂ ਇਜਾਜ਼ਤ ਵੀ ਮੰਗੀ।
ਇਸ ਮੌਕੇ ਜਸਟਿਸ ਬਾਗਚੀ ਨੇ ਕਿਹਾ, ”ਤੁਹਾਨੂੰ ਕਿਸ ਨੇ ਰੋਕਿਆ ਹੈ? ਤੁਹਾਡੀ ਪੇਰੇਂਸ ਪੈਟਰੀਏ (ਰਾਸ਼ਟਰ ਦੇ ਮਾਪੇ) ਪਹੁੰਚ ਕੀ ਹੈ? ਆਪਣੇ ਨਾਗਰਿਕ ਨੂੰ ਸਤਿਕਾਰ ਦਿਓ। ਮਾਪਿਆਂ ਨੂੰ ਡੇਟਾ ਦਿਖਾਓ ਅਤੇ ਜੇ ਉਹ ਇਸ ਨੂੰ ਰੱਖਣਾ ਚੁਣਦੇ ਹਨ। ਫਿਰ ਅਜਿਹਾ ਹੀ ਹੋਣ ਦਿਓ।”
ਬੈਂਚ ਨੇ ਕਿਹਾ, ”ਇਹ ਏਮਜ਼ ਦਾ ਕੰਮ ਨਹੀਂ ਹੈ ਕਿ ਉਹ ਨਾਗਰਿਕਾਂ ਲਈ ਚੋਣ ਕਰੇ ਅਤੇ ਇਹ ਸਿਰਫ ਡਾਕਟਰੀ ਸੇਵਾ ਪ੍ਰਦਾਨ ਕਰ ਸਕਦਾ ਹੈ, ਪਰ ਜੇ ਉਹ ਸੋਚਦੇ ਹਨ ਕਿ ਮਾਨਸਿਕ ਸਿਹਤ ਖਤਰੇ ਵਿੱਚ ਹੈ ਤਾਂ ਉਹ ਫੈਸਲਾ ਲੈਣਗੇ। ਕਿਰਪਾ ਕਰਕੇ ਆਪਣੀ ਕਿਊਰੇਟਿਵ ‘ਤੇ ਜ਼ੋਰ ਨਾ ਦਿਓ। ਕਿਊਰੇਟਿਵ ਮਾਪਿਆਂ ਵੱਲੋਂ ਆ ਸਕਦੀ ਹੈ। ਆਓ ਰਾਜ ਅਤੇ ਇਸ ਦੇ ਨਾਗਰਿਕਾਂ ਵਿਚਕਾਰ ਲੜਾਈ ਨਾ ਬਣਾਈਏ। ਇੱਕ ਮਨੋਵਿਗਿਆਨੀ ਅਤੇ ਕਾਉਂਸਲਰ ਨੂੰ ਲਿਆਓ। ਆਓ ਅਸੀਂ ਉਨ੍ਹਾਂ ਲੋਕਾਂ ਲਈ ਚੋਣ ਨਾ ਕਰੀਏ, ਜੋ ਚੁਣਨ ਦੇ ਸਮਰੱਥ ਹਨ।”
ਸੁਪਰੀਮ ਕੋਰਟ ਨੇ ਕਿਹਾ, ”ਗਰਭਪਾਤ ਦਾ ਫੈਸਲਾ ਪੀੜਤ ਅਤੇ ਉਸ ਦੇ ਮਾਪਿਆਂ ਦਾ ਹੋਣਾ ਚਾਹੀਦਾ ਹੈ। ਏਮਜ਼ ਉਨ੍ਹਾਂ ਨੂੰ ਫੈਸਲਾ ਲੈਣ ਵਿੱਚ ਮਦਦ ਕਰ ਸਕਦਾ ਹੈ। ਬੈਂਚ ਨੇ ਕਿਹਾ, ”ਬੱਚੀ ਅਤੇ ਉਸ ਦੇ ਮਾਪਿਆਂ ਨੂੰ ਸਭ ਕੁਝ ਸਮਝਾਓ। ਜੇ ਉਸ ਤੋਂ ਬਾਅਦ ਉਹ ਵਿਚਾਰ ਬਦਲਣਾ ਚਾਹੁੰਦੇ ਹਨ ਤਾਂ ਅਸੀਂ ਦੇਖਾਂਗੇ।”
ਇਹ ਦੇਖਦੇ ਹੋਏ ਕਿ ਇੱਕ ਹੋਣ ਵਾਲੀ ਮਾਂ ਦੀ ਪ੍ਰਜਨਨ ਖੁਦਮੁਖਤਿਆਰੀ ਨੂੰ ਸਭ ਤੋਂ ਵੱਧ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ, ਜਸਟਿਸ ਬੀ ਵੀ ਨਾਗਰਥਨਾ ਅਤੇ ਉੱਜਲ ਭੂਈਆਂ ਦੀ ਬੈਂਚ ਨੇ ਪਿਛਲੇ ਹਫਤੇ 15 ਸਾਲਾ ਕੁੜੀ ਨੂੰ 30 ਹਫਤਿਆਂ ਦੀ ਆਪਣੀ ਗਰਭ ਅਵਸਥਾ ਨੂੰ ਡਾਕਟਰੀ ਤੌਰ ‘ਤੇ ਖਤਮ ਕਰਨ ਦੀ ਇਜਾਜ਼ਤ ਦਿੱਤੀ ਸੀ। ਸੁਪਰੀਮ ਕੋਰਟ ਨੇ ਏਮਜ਼ ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ ਅਤੇ ਕਿਹਾ ਕਿ ਅਣਚਾਹੇ ਗਰਭ ਨੂੰ ਡਾਕਟਰੀ ਤੌਰ ‘ਤੇ ਖਤਮ ਕਰਨ ਦੇ ਫੈਸਲੇ ਨੂੰ ਗਰਭ ਅਵਸਥਾ ਦੇ ਵਧੇ ਹੋਏ ਪੜਾਅ ਜਾਂ ਭਰੂਣ ਦੇ ਸਾਧਾਰਨ ਹੋਣ ਦੇ ਆਧਾਰ ‘ਤੇ ਰੱਦ ਨਹੀਂ ਕੀਤਾ ਜਾ ਸਕਦਾ। ਬੈਂਚ ਨੇ ਕਿਹਾ ਕਿ ਉਸ ਆਧਾਰ ‘ਤੇ ਗਰਭਪਾਤ ਦੀ ਇਜਾਜ਼ਤ ਨਾ ਦੇਣਾ ‘ਸਰੀਰਕ ਖੁਦਮੁਖਤਿਆਰੀ ਦੇ ਅਧਿਕਾਰ ਨੂੰ ਬੇਮਾਇਨਾ’ ਕਰ ਦੇਵੇਗਾ।
ਕੇਂਦਰ ਨੇ ਇੱਕ ਕਿਊਰੇਟਿਵ ਪਟੀਸ਼ਨ ਵੀ ਦਾਇਰ ਕੀਤੀ ਸੀ, ਜੋ ਕਿ ਨਿਆਂਇਕ ਉਪਾਅ ਦੀ ਮੰਗ ਕਰਨ ਦਾ ਆਖਰੀ ਰਸਤਾ ਹੁੰਦਾ ਹੈ।
ਆਪਣੇ 24 ਅਪਰੈਲ ਦੇ ਹੁਕਮ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਨਾਬਾਲਗ 15 ਸਾਲ ਦੀ ਹੈ ਅਤੇ ਗਰਭ ਅਵਸਥਾ ਅਣਚਾਹੀ ਹੈ। ਗਰਭ ਅਵਸਥਾ ਨੂੰ ਜਾਰੀ ਰੱਖਣਾ ਗਰਭਵਤੀ ਨਾਬਾਲਗ ਦੇ ਹਿੱਤ ਵਿੱਚ ਨਹੀਂ ਹੈ, ਖਾਸ ਤੌਰ ‘ਤੇ ਜਦੋਂ ਉਸ ਨੇ ਦੋ ਮੌਕਿਆਂ ‘ਤੇ ਆਪਣੀ ਜੀਵਨ ਲੀਲ੍ਹਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।



