ਸੰਗਰੂਰ/ਚੀਮਾ ਮੰਡੀ
(ਪ੍ਰਵੀਨ ਸਿੰÎਘ/ਰਵਿੰਦਰ ਬਾਂਸਲ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਆਪਣੇ ਪਿੰਡ ਸਤੌਜ ਵਿੱਚ 14.63 ਕਰੋੜ ਰੁਪਏ ਨਾਲ ਬਣਨ ਵਾਲੇ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।
ਮਾਨ ਨੇ ਕਿਹਾ ਕਿ“ਇਹ ਸਟੇਡੀਅਮ 4.38 ਏਕੜ ਥਾਂ ਵਿੱਚ ਬਣਾਇਆ ਜਾਵੇਗਾ। ਸਟੇਡੀਅਮ ਵਿੱਚ 200 ਮੀਟਰ ਦਾ ਅਥਲੈਟਿਕ ਟਰੈਕ, ਦਰਸ਼ਕਾਂ ਤੇ ਖਿਡਾਰੀਆਂ ਲਈ ਪੈਵੇਲੀਅਨ ਅਤੇ ਬਹੁ-ਮੰਤਵੀ ਇਨਡੋਰ ਸਪੋਰਟਸ ਹਾਲ ਹੋਵੇਗਾ। ਸਟੇਡੀਅਮ ਵਿੱਚ ਬੈਡਮਿੰਟਨ, ਹੈਂਡਬਾਲ, ਜੂਡੋ, ਨੈੱਟਬਾਲ, ਬਾਸਕਟਬਾਲ, ਵਾਲੀਬਾਲ, ਫੁੱਟਬਾਲ, ਜਿਮਨਾਸਟਿਕ, ਕਬੱਡੀ, ਕਰਾਟੇ ਅਤੇ ਹੋਰ ਖੇਡ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ।
ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਦਾ ਭਵਿੱਖ ਇਸ ਦੇ ਜਲ ਸਰੋਤਾਂ ਨਾਲ ਅਟੁੱਟ ਰੂਪ ਵਿੱਚ ਜੁੜਿਆ ਹੋਇਆ ਹੈ ਅਤੇ ਇਨ੍ਹਾਂ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਨੇ ਕਿਹਾ, ‘ਪੰਜਾਬ ਦਾ ਵਜੂਦ ਸੁਭਾਵਿਕ ਤੌਰ ‘ਤੇ ਇਸ ਦੇ ਪਾਣੀਆਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਨੂੰ ਮਹਿਫੂਜ਼ ਰੱਖਣਾ ਸਿਰਫ਼ ਨੀਤੀਗਤ ਤਰਜੀਹ ਨਹੀਂ, ਸਗੋਂ ਨੈਤਿਕ ਜ਼ਿੰਮੇਵਾਰੀ ਵੀ ਹੈ।’ ਮਾਨ ਨੇ ਕਿਹਾ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਇਕ ਮਈ ਤੋਂ ਹੀ ਨਹਿਰੀ ਪਾਣੀ ਦਿੱਤਾ ਜਾਵੇਗਾ, ਜੋ ਕਿ ਰਵਾਇਤੀ ਸਿੰਚਾਈ ਸਮਾਂ-ਸਾਰਣੀ ਤੋਂ ਮਹੱਤਵਪੂਰਨ ਤਬਦੀਲੀ ਹੈ।
ਮਾਨ ਨੇ ਕਿਸਾਨਾਂ ਨੂੰ ਟਿਊਬਵੈੱਲਾਂ ‘ਤੇ ਨਿਰਭਰਤਾ ਘਟਾਉਣ ਦੀ ਅਪੀਲ ਕਰਦਿਆਂ ਕਿਹਾ “ਧਰਤੀ ਹੇਠਲਾ ਪਾਣੀ ਇੱਕ ਕੀਮਤੀ ਅਤੇ ਸੀਮਤ ਸਰੋਤ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣਾ ਚਾਹੀਦਾ ਹੈ। ਆਪਣੀ ਸੋਚ ਵਿੱਚ ਸਮੂਹਿਕ ਤਬਦੀਲੀ ਲਿਆਉਣ ਦਾ ਸਮਾਂ ਆ ਗਿਆ ਹੈ। ਨਹਿਰੀ ਪਾਣੀ ਸਿਰਫ਼ ਬਦਲ ਨਹੀਂ, ਇਹ ਪੰਜਾਬ ਦੀ ਖੇਤੀਬਾੜੀ ਦਾ ਭਵਿੱਖ ਹੈ।”





