ਗੁਜਰਾਤ ’ਚ ਭਾਜਪਾ ਨਾਲ ਰਲੇ ਆਗੂ ਛਾਂਗਣੇ ਪੈਣੇ : ਰਾਹੁਲ

0
28

ਅਹਿਮਦਾਬਾਦ : ਰਾਹੁਲ ਗਾਂਧੀ ਨੇ ਸਨਿੱਚਰਵਾਰ ਕਿਹਾ ਕਿ ਗੁਜਰਾਤ ਕਾਂਗਰਸ ਦੀ ਲੀਡਰਸ਼ਿਪ ਵਿੱਚ ਦੋ ਤਰ੍ਹਾਂ ਦੇ ਲੋਕ ਹਨ। ਇੱਕ ਉਹ ਜਿਹੜੇ ਲੋਕਾਂ ਨਾਲ ਖੜ੍ਹਦੇ ਹਨ ਤੇ ਜਿਨ੍ਹਾਂ ਦੇ ਦਿਲ ਵਿੱਚ ਕਾਂਗਰਸ ਦੀ ਵਿਚਾਰਧਾਰਾ ਹੈ, ਦੂਜੇ ਉਹ ਜਿਹੜੇ ਲੋਕਾਂ ਨਾਲੋਂ ਕੱਟੇ ਹੋਏ ਹਨ ਤੇ ਭਾਜਪਾ ਨਾਲ ਰਲੇ ਹੋਏ ਹਨ। ਉਨ੍ਹਾ ਕਿਹਾਮੇਰੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਵਿੱਚੋਂ ਪਾਰਟੀ ਪ੍ਰਤੀ ਵਫਾਦਾਰਾਂ ਦੀ ਨਿਸ਼ਾਨਦੇਹੀ ਕਰਾਂ। ਕਾਂਗਰਸ ਵਿੱਚ ਆਗੂਆਂ ਦੀ ਕਿੱਲਤ ਨਹੀਂ। ਬੱਬਰ ਸ਼ੇਰ ਹਨ, ਪਰ ਇਨ੍ਹਾਂ ਦੇ ਪਿੱਛੇ ਸੰਗਲੀ ਪਈ ਹੋਈ ਹੈ। ਇੱਥੇ ਰੇਸ ਦੇ ਘੋੜਿਆਂ ਨੂੰ ਬਰਾਤੀ ਘੋੜੇ ਬਣਾ ਦਿੱਤਾ ਜਾਂਦਾ ਹੈ।
ਰਾਹੁਲ ਨੇ ਦੋ ਦਿਨਾ ਗੁਜਰਾਤ ਦੌਰੇ ਦੇ ਦੂਜੇ ਦਿਨ ਸੂਬੇ ਦੇ ਕਰੀਬ ਦੋ ਹਜ਼ਾਰ ਕਾਰਕੁਨਾਂ ਨੂੰ ਸੰਬੋਧਨ ਕੀਤਾ ਅਤੇ ਮਹਿਲਾ ਕਾਰਕੁਨਾਂ ਨਾਲ ਵੀ ਮੁਲਾਕਾਤ ਕੀਤੀ। ਰਾਹੁਲ ਨੇ ਸ਼ੁੱਕਰਵਾਰ ਸੀਨੀਅਰ ਆਗੂਆਂ ਨਾਲ 9 ਘੰਟਿਆਂ ਵਿੱਚ ਪੰਜ ਬੈਠਕਾਂ ਕੀਤੀਆਂ ਸਨ।
ਉਨ੍ਹਾ ਕਿਹਾਗੁਜਰਾਤ ਫਸਿਆ ਹੋਇਆ ਹੈ, ਇਹ ਅੱਗੇ ਵਧਣਾ ਚਾਹੁੰਦਾ ਹੈ, ਪਰ ਗੁਜਰਾਤ ਦੀ ਕਾਂਗਰਸ ਪਾਰਟੀ ਉਸ ਨੂੰ ਰਾਹ ਨਹੀਂ ਦਿਖਾ ਪਾ ਰਹੀ। ਮੈਂ ਇਹ ਗੱਲਾਂ ਡਰ ਕੇ ਨਹੀਂ ਬੋਲ ਰਿਹਾ ਤੇ ਨਾ ਸ਼ਰਮਸ਼ਾਰ ਹੋ ਕੇ ਬੋਲ ਰਿਹਾ ਹਾਂ, ਪਰ ਮੈਂ ਤੁਹਾਡੇ ਅੱਗੇ ਇਹ ਗੱਲਾਂ ਰੱਖਣੀਆਂ ਚਾਹੁੰਦਾ ਹਾਂ ਕਿ ਚਾਹੇ ਰਾਹੁਲ ਗਾਂਧੀ ਹੋਵੇ, ਚਾਹੇ ਜਨਰਲ ਸਕੱਤਰ ਹੋਵੇ, ਅਸੀਂ ਗੁਜਰਾਤ ਨੂੰ ਰਾਹ ਨਹੀਂ ਦਿਖਾ ਪਾ ਰਹੇ। ਗੁਜਰਾਤ ਦੇ ਕਿਸਾਨ, ਮਜ਼ਦੂਰ ਤੇ ਵਿਦਿਆਰਥੀ ਬਦਲ ਚਾਹੁੰਦੇ ਹਨ ਨਾ ਕਿ ਭਾਜਪਾ ਦੀ ਬੀ ਟੀਮ। ਮੇਰੀ ਜ਼ਿੰਮੇਵਾਰੀ ਹੈ ਕਿ ਲੀਡਰਸ਼ਿਪ ਵਿੱਚੋਂ ਚੰਗੇ ਆਗੂ ਛਾਂਟਾਂ। 30-40 ਲੋਕਾਂ ਨੂੰ ਕੱਢਣਾ ਪਿਆ ਤਾਂ ਕੱਢਾਂਗੇ। ਭਾਜਪਾ ਲਈ ਅੰਦਰ ਬਹਿ ਕੇ ਕੰਮ ਕਰ ਰਹੇ ਹੋ, ਜਾਓ ਬਾਹਰ ਜਾ ਕੇ ਕਰੋ। ਆਗੂ ਦੇ ਦਿਲ ਵਿੱਚ ਕਾਂਗਰਸ ਹੋਣੀ ਚਾਹੀਦੀ ਹੈ। ਜਥੇਬੰਦੀ ਦਾ ਕੰਟਰੋਲ ਅਜਿਹੇ ਆਗੂਆਂ ਕੋਲ ਹੋਣਾ ਚਾਹੀਦਾ ਹੈ। ਜਦੋਂ ਅਸੀਂ ਇੰਜ ਕਰਾਂਗੇ, ਤੂਫਾਨ ਦੀ ਤਰ੍ਹਾਂ ਲੋਕ ਸਾਡੇ ਨਾਲ ਜੁੜਨਗੇ। ਗੁਜਰਾਤ ਨੂੰ ਹੁਣ ਚੋਣਾਂ ਬਾਰੇ ਗੱਲ ਨਹੀਂ ਕਰਨੀ ਚਾਹੀਦੀ। ਸਾਡਾ ਇਹ ਪ੍ਰੋਜੈਕਟ 50 ਸਾਲ ਦਾ ਹੈ। ਸਾਨੂੰ ਲੋਕਾਂ ਨੂੰ ਪਾਰਟੀ ਵਿਚਾਰਧਾਰਾ ਨਾਲ ਜੋੜਨਾ ਹੋਵੇਗਾ। ਗਾਂਧੀ ਜੀ ਨੇ ਸਾਨੂੰ ਜੋ ਸਿਖਾਇਆ, ਪਟੇਲ ਜੀ ਨੇ ਜੋ ਸਿਖਾਇਆ ਉਹੀ ਗੁਜਰਾਤ ਵਿੱਚ ਕਰਨਾ ਹੈ।