ਮੈਨਹੋਲ ’ਚ ਉਤਰੇ ਨੌਜਵਾਨ ਦੀ ਮੌਤ

0
7

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰ ਪਾਲ, ਪੂਜਾ)-ਸਥਾਨਕ ਅਨਾਜ ਮੰਡੀ ਵਿੱਚ ਮੰਗਲਵਾਰ ਰਾਤ ਸੀਵਰੇਜ ਦੀ ਸਫਾਈ ਦੌਰਾਨ ਇੱਕ ਨੌਜਵਾਨ ਦੀ ਮੈਨਹੋਲ ਵਿੱਚ ਉਤਰਨ ਨਾਲ ਜ਼ਹਿਰੀਲੀ ਗੈਸ ਚੜ੍ਹਨ ਦੇ ਚਲਦਿਆਂ ਮੌਤ ਹੋ ਗਈ। ਕਰੀਬ 20 ਫੁੱਟ ਡੂੰਘੇ ਮੈਨਹੋਲ ਵਿੱਚ ਉਤਰਦੇ ਸਮੇਂ ਉਸ ਕੋਲ ਕੋਈ ਵੀ ਸੁਰੱਖਿਆ ਉਪਕਰਣ ਨਹੀਂ ਸੀ।ਜਾਣਕਾਰੀ ਮੁਤਾਬਕ ਨੌਜਵਾਨ ਕਾਫੀ ਸਮੇਂ ਤੱਕ ਮੈਨਹੋਲ ਤੋਂ ਬਾਹਰ ਨਹੀਂ ਆਇਆ ਤਾਂ ਉੱਥੇ ਮੌਜੂਦ ਲੋਕਾਂ ਨੂੰ ਚਿੰਤਾ ਹੋਣ ਲੱਗੀ। ਮੌਕੇ ’ਤੇ ਮੌਜੂਦ ਸੁਪਰਵਾਈਜ਼ਰ ਨੇ ਨੌਜਵਾਨ ਦੇ ਰਿਸ਼ਤੇਦਾਰ ਨੂੰ ਫੋਨ ਕਰਕੇ ਬੁਲਾਇਆ।ਉਸ ਦਾ ਮਮੇਰਾ ਭਰਾ ਅਲੀਮ ਮੌਕੇ ’ਤੇ ਪਹੁੰਚਿਆ ਅਤੇ ਆਪਣੇ ਭਰਾ ਨੂੰ ਲੱਭਣ ਲਈ ਉਹ ਵੀ ਬਿਨਾਂ ਕਿਸੇ ਸੁਰੱਖਿਆ ਉਪਕਰਣ ਦੇ ਮੈਨਹੋਲ ਵਿੱਚ ਉਤਰ ਗਿਆ, ਜਿੱਥੇ ਜ਼ਹਿਰੀਲੀ ਗੈਸ ਕਾਰਨ ਉਹ ਵੀ ਬੇਹੋਸ਼ ਹੋ ਗਿਆ।ਮੰਡੀ ਦੇ ਚੌਕੀਦਾਰ ਅਤੇ ਹੋਰ ਲੋਕਾਂ ਨੇ ਰੱਸੀ ਦੀ ਮਦਦ ਨਾਲ ਅਲੀਮ ਨੂੰ ਬਾਹਰ ਕੱਢਿਆ।ਅਲੀਮ ਨੇ ਦੋਸ਼ ਲਾਇਆ ਕਿ ਠੇਕੇਦਾਰ ਦਾ ਸੁਪਰਵਾਈਜਰ ਪ੍ਰਵੀਨ ਸਿੰਘ ਉਸ ਦੇ ਭਰਾ ਨੂੰ ਲੈ ਕੇ ਆਇਆ ਸੀ, ਪਰ ਉਸ ਨੇ ਬਿਨ੍ਹਾਂ ਕਿਸੇ ਸੁਰੱਖਿਆ ਉਪਕਰਨ ਦੇ ਉਸ ਦੇ ਭਰਾ ਨੂੰ ਮੈਨਹੋਲ ’ਚ ਉਤਾਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਠੇਕੇਦਾਰ ਵੀ ਮੌਕੇ ’ਤੇ ਪਹੁੰਚ ਗਿਆ। ਪਰਵਾਰਕ ਮੈਂਬਰਾਂ ਵੱਲੋਂ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ।ਭੀਮ ਕ੍ਰਾਂਤੀ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਨੇ ਕਿਹਾ ਕਿ ਸੀਵਰ ਦੀ ਸਫਾਈ ਲਈ ਮਜ਼ਦੂਰ ਨੂੰ ਬਿਨਾਂ ਕਿਸੇ ਸੁਰੱਖਿਆ ਕਿੱਟ, ਮਾਸਕ ਜਾਂ ਬੈਲਟ ਦੇ ਮੈਨਹੋਲ ਵਿੱਚ ਉਤਾਰਨਾ ਗੰਭੀਰ ਲਾਪਰਵਾਹੀ ਹੈ।ਉਨ੍ਹਾ ਦੋਸ਼ ਲਾਇਆ ਕਿ ਸੰਬੰਧਤ ਅਧਿਕਾਰੀਆਂ ਅਤੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਮਜ਼ਦੂਰ ਦੀ ਜਾਨ ਗਈ ਹੈ।ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।ਐਕਸੀਅਨ ਕੇਵਲ ਕੁਮਾਰ ਗਰਗ ਨੇ ਕਿਹਾ ਕਿ ਇਥੇ ਸੀਵਰੇਜ ਦਾ ਕੰਮ ਚੱਲ ਰਿਹਾ ਸੀ ਅਤੇ ਠੇਕੇਦਾਰ ਕੰਮ ਕਰਵਾ ਰਿਹਾ ਸੀ। ਉਨ੍ਹਾ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਜਿਸ ਦੀ ਵੀ ਲਾਪਰਵਾਹੀ ਹੋਈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।