ਜਾਓ ਤੇ ਜਾ ਕੇ ਕੁਝ ਸਵੈਟਰ ਵੇਚੋ…

0
11

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਲੁਧਿਆਣਾ ਦੇ ਇੱਕ ਕੱਪੜਾ ਵਪਾਰੀ ਵੱਲੋਂ ਦਾਇਰ ਕੀਤੀ ਲੋਕ ਹਿੱਤ ਪਟੀਸ਼ਨ ਨੂੰ ਖਾਰਜ ਕਰਦਿਆਂ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜਸਟਿਸ ਅਭੈ ਐੱਸ ਓਕਾ ਅਤੇ ਜਸਟਿਸ ਅਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਪਾਇਆ ਕਿ ਇਹ ਪਟੀਸ਼ਨ ਕਿਸੇ ਕਾਨੂੰਨੀ ਮਾਹਰ ਦੀ ਸਲਾਹ ਨਾਲ ਨਹੀਂ, ਸਗੋਂ ਚੈਟ ਜੀ ਪੀ ਟੀ ਵਰਗੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਟੂਲ ਦੀ ਮਦਦ ਨਾਲ ਤਿਆਰ ਕੀਤੀ ਗਈ ਸੀ।
ਅਦਾਲਤ ਨੇ ਇਸ ਪਹੁੰਚ ਨੂੰ ਬੇਤੁਕੀ ਕਰਾਰ ਦਿੱਤਾ, ਕਿਉਂਕਿ ਪਟੀਸ਼ਨ ਵਿੱਚ ਕੋਈ ਵੀ ਸਾਰਥਕ ਕਾਨੂੰਨੀ ਤਰਕ ਜਾਂ ਤੱਥ ਮੌਜੂਦ ਨਹੀਂ ਸੀ। ਸੁਣਵਾਈ ਦੌਰਾਨ ਬੈਂਚ ਨੇ ਪਟੀਸ਼ਨਕਰਤਾ ਨੂੰ ਫਿਟਕਾਰ ਲਗਾਉਂਦਿਆਂ ਬਹੁਤ ਹੀ ਤਿੱਖੀ ਟਿੱਪਣੀ ਕੀਤੀ। ਅਦਾਲਤ ਨੇ ਕਿਹਾ, ‘ਜਾਓ ਅਤੇ ਜਾ ਕੇ ਕੁਝ ਸਵੈਟਰ ਵੇਚੋ।’ ਜੱਜਾਂ ਨੇ ਨੋਟ ਕੀਤਾ ਕਿ ਏ ਆਈ ਦੁਆਰਾ ਤਿਆਰ ਕੀਤੀ ਗਈ ਸ਼ਬਦਾਵਲੀ ਪ੍ਰਭਾਵਸ਼ਾਲੀ ਲੱਗ ਸਕਦੀ ਹੈ, ਪਰ ਕਾਨੂੰਨੀ ਪ੍ਰਕਿਰਿਆ ਵਿੱਚ ਸਿਰਫ ਸ਼ਬਦਾਂ ਦੀ ਸੁੰਦਰਤਾ ਨਹੀਂ, ਸਗੋਂ ਕਾਨੂੰਨੀ ਆਧਾਰ ਅਤੇ ਸਬੂਤਾਂ ਦੀ ਲੋੜ ਹੁੰਦੀ ਹੈ।
ਇਹ ਮਾਮਲਾ ਕਾਨੂੰਨੀ ਖੇਤਰ ਵਿੱਚ ਤਕਨੀਕ ਦੀ ਦੁਰਵਰਤੋਂ ਨੂੰ ਲੈ ਕੇ ਇੱਕ ਵੱਡੀ ਮਿਸਾਲ ਬਣ ਗਿਆ ਹੈ। ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਨਹਿਤ ਪਟੀਸ਼ਨਾਂ ਵਰਗੇ ਗੰਭੀਰ ਮੁੱਦਿਆਂ ਲਈ ਏ ਆਈ ’ਤੇ ਨਿਰਭਰਤਾ ਖਤਰਨਾਕ ਹੋ ਸਕਦੀ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਭਵਿੱਖ ਵਿੱਚ ਅਜਿਹੇ ਸ਼ਾਰਟਕੱਟ ਨਾ ਅਪਣਾਉਣ ਦੀ ਹਦਾਇਤ ਦਿੱਤੀ ਅਤੇ ਪਟੀਸ਼ਨ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ।