ਜਦੋਂ ਮਰੀਜ਼ ਆਈ ਸੀ ਯੂ ’ਚੋਂ ਭੱਜਾ!

0
47

ਭੋਪਾਲ : ਆਈ ਸੀ ਯੂ ਤੋਂ ਭੱਜ ਕੇ ਮੱਧ ਪ੍ਰਦੇਸ਼ ਦੇ ਰਤਲਾਮ ਦੀਆਂ ਸੜਕਾਂ ’ਤੇ ਭੱਜੇ ਵਿਅਕਤੀ ਨੇ ਨਿੱਜੀ ਹਸਪਤਾਲਾਂ ’ਚ ਲੁੱਟ ਦੀ ਇੱਕ ਵਾਰ ਫਿਰ ਪੋਲ ਖੋਲ੍ਹ ਦਿੱਤੀ। ਉਸ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਗਿਆ ਕਿ ਉਹ ਕੌਮਾ ਵਿੱਚ ਹੈ ਅਤੇ ਉਸ ਦੇ ਇਲਾਜ ਲਈ ਪੈਸਿਆਂ ਦੀ ਲੋੜ ਹੈ। ਉਸ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਿਅਕਤੀ ਨੂੰ ਗੀਤਾ ਦੇਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਸਟਾਫ ਨੇ ਉਸ ਦੀ ਪਤਨੀ ਤੋਂ ਇਲਾਜ ਲਈ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਕੁਝ ਸਮੇਂ ਬਾਅਦ ਉਸ ਨੂੰ ਕਿਹਾ ਗਿਆ ਕਿ ਉਸ ਦੇ ਪਤੀ ਦੀ ਹਾਲਤ ਵਿਗੜ ਗਈ ਹੈ ਅਤੇ ਉਹ ਕੌਮਾ ਵਿੱਚ ਚਲਾ ਗਿਆ ਹੈ। ਹਸਪਤਾਲ ਨੇ ਉਸ ਦੀ ਦੇਖਭਾਲ ਲਈ ਹੋਰ ਪੈਸਿਆਂ ਦੀ ਮੰਗ ਕੀਤੀ। ਜਦੋਂ ਪਤਨੀ ਇੱਕ ਲੱਖ ਰੁਪਏ ਲੈ ਕੇ ਹਸਪਤਾਲ ਵਾਪਸ ਆਈ ਤਾਂ ਉਸ ਨੇ ਦੇਖਿਆ ਕਿ ਉਸ ਦਾ ਪਤੀ ਸੜਕ ’ਤੇ ਖੜ੍ਹਾ ਹੈ। ਉਸ ਨੂੰ ਕਥਿਤ ਤੌਰ ’ਤੇ ਆਈ ਸੀ ਯੂ ਵਿੱਚ ਬੰਨ੍ਹਿਆ ਹੋਇਆ ਸੀ, ਪਰ ਉਹ ਆਪਣੇ ਆਪ ਨੂੰ ਛੁਡਾਉਣ ਵਿੱਚ ਕਾਮਯਾਬ ਹੋ ਗਿਆ। ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਵਿਅਕਤੀ ਸੜਕ ’ਤੇ ਹੈ ਅਤੇ ਉਸ ਨੇ ਪੂਰੇ ਕੱਪੜੇ ਵੀ ਨਹੀਂ ਪਾਏ ਹੋਏ ਤੇ ਨੱਕ ਵਿਚ ਪਾਈਪ ਲੱਗੀ ਹੋਈ ਹੈ। ਇਸ ਦੌਰਾਨ ਉਹ ਲੋਕਾਂ ਨੂੰ ਸਾਰੀ ਘਟਨਾ ਬਾਰੇ ਦੱਸ ਰਿਹਾ ਹੈ। ਬਹੁਤ ਸਾਰੇ ਲੋਕ ਇਸ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ।