ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਨਰਿੰਦਰ ਸੋਹਲ, ਪ੍ਰਧਾਨ ਰਜਿੰਦਰ ਪਾਲ ਕੌਰ, ਸਰਪਰਸਤ ਨਰਿੰਦਰ ਪਾਲ ਅਤੇ ਚੇਅਰਪਰਸਨ ਕੁਸ਼ਲ ਭੌਰਾ ਨੇ ਭੈਣ ਮਨਜੀਤ ਦੇ ਕਤਲ ’ਤੇ ਜਿੱਥੇ ਗਹਿਰਾ ਦੁੱਖ ਪ੍ਰਗਟ ਕੀਤਾ, ਉਥੇ ਨਾਲ ਹੀ ਅਮਨ-ਕਾਨੂੰਨ ਦੀ ਸਥਿਤੀ ’ਤੇ ਵੀ ਪ੍ਰਸ਼ਨ ਚਿੰਨ੍ਹ ਲਾਇਆ ਹੈ।
ਆਗੂਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਗਾਮੀਵਾਲਾ ਦੀ ਭੈਣ ਮਨਜੀਤ ਕੌਰ ਇੱਕ ਬਹੁਤ ਵਧੀਆ ਸਮਾਜਿਕ ਕਾਰਕੁੰਨ ਸੀ, ਜੋ ਕਿ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਉਹਨਾਂ ਦਾ ਸਾਥ ਦਿੰਦੀ ਸੀ। ਕਿਹਾ ਜਾਂਦਾ ਹੈ ਕਿ ਉਹਨਾਂ ਦਾ ਕੋਈ ਜਾਇਦਾਦ ਦਾ ਝਗੜਾ ਸੀ, ਜਿਸ ਕਰਕੇ ਇਹ ਕਤਲ ਹੋਇਆ ਅਜੇ ਤੱਕ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕਿਆ। ਫਿਰ ਵੀ ਇਸ ਤਰ੍ਹਾਂ ਦੇ ਕਤਲ ਅਮਨ-ਕਾਨੂੰਨ ਦੀ ਮਾੜੀ ਸਥਿਤੀ ਕਾਰਨ ਹੋ ਰਹੇ ਹਨ। ਸਰਕਾਰ ਨਾਗਰਿਕਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਹੈ। ਮਨਜੀਤ ਕੌਰ ਜੋ ਕਿ ਮਾਨਸਾ ਜ਼ਿਲ੍ਹੇ ਦੀ ਇਸਤਰੀ ਸਭਾ ਦੀ ਪ੍ਰਧਾਨ ਤੇ ਸੂਬਾ ਕਮੇਟੀ ਦੀ ਮੈਂਬਰ ਸੀ, ਅਣਥੱਕ ਵਰਕਰ ਸੀ। ਜਿਹੜੀ ਵੀ ਕਾਲ ਸੂਬੇ ਵੱਲੋਂ ਦਿੱਤੀ ਜਾਂਦੀ, ਉਹ ਉਸ ’ਤੇ ਫੁੱਲ ਚੜ੍ਹਾਉਦੀ ਸੀ ਅਤੇ ਜਿੱਥੇ ਵੀ ਕੋਈ ਇਸ ਸਭਾ ਦਾ ਪ੍ਰੋਗਰਾਮ ਆਉਦਾ, ਉਹ ਜ਼ਰੂਰ ਪਹੁੰਚਦੀ ਸੀ। ਮਾਨਸਾ ਜ਼ਿਲ੍ਹਾ ਚਾਹੇ ਲੁਧਿਆਣੇ ਤੋਂ ਕਾਫੀ ਦੂਰ ਪੈ ਜਾਂਦਾ ਹੈ, ਪਰ ਉਹ ਹਰ ਮੀਟਿੰਗ ਵਿੱਚ ਪਹੁੰਚਦੀ ਸੀ। ਅਸੀਂ ਇਸ ਗੱਲ ਤੋਂ ਬਹੁਤ ਦੁਖੀ ਹਾਂ ਕਿ ਸਾਡਾ ਮਾਨਸਾ ਜ਼ਿਲ੍ਹਾ ਭੈਣ ਮਨਜੀਤ ਬਿਨਾਂ ਖਾਲੀ ਹੋ ਜਾਏਗਾ ।ਫਿਰ ਕੋਈ ਨਵੇਂ ਵਰਕਰ ਉੱਠਣਗੇ ਅਤੇ ਸ਼ਾਇਦ ਇਸ ਖਾਲੀ ਥਾਂ ਨੂੰ ਭਰਨਗੇ ।ਵਰਨਣਯੋਗ ਹੈ ਕਿ ਭੈਣ ਮਨਜੀਤ ਦਾ ਕਤਲ ਉਸ ਦਿਨ ਹੋਇਆ, ਜਿਸ ਦਿਨ ਔਰਤਾਂ ਦੇ ਹੱਕ ਦੀ ਗੱਲ ਕੀਤੀ ਜਾਂਦੀ ਹੈ। ਔਰਤਾਂ ਨੂੰ ਇੱਜ਼ਤ-ਮਾਣ ਦੇਣ ਦੀ ਗੱਲ ਕੀਤੀ ਜਾਂਦੀ ਹੈ, ਮਤਲਬ ਕਿ ਕੌਮਾਂਤਰੀ ਇਸਤਰੀ ਦਿਹਾੜਾ ਅੱਠ ਮਾਰਚ ਵਾਲੇ ਦਿਨ। 9 ਮਾਰਚ ਨੂੰ ਮਾਨਸਾ ਜ਼ਿਲੇ੍ਹ ਦੇ ਸਾਰੇ ਆਗੂ ਅਤੇ ਵਰਕਰ ਦੋਸ਼ੀਆਂ ਦੀ ਗਿ੍ਰਫਤਾਰੀ ਦੀ ਮੰਗ ਨੂੰ ਲੈ ਕੇ ਬੁਢਲਾਡਾ ਹਸਪਤਾਲ ਦੇ ਬਾਹਰ ਧਰਨੇ ’ਤੇ ਬੈਠੇ, ਜਿਸ ਵਿੱਚ ਪੰਜਾਬ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਨਰਿੰਦਰ ਸੋਹਲ, ਸੂਬਾ ਮੀਤ ਪ੍ਰਧਾਨ ਅੰਮਿ੍ਰਤ ਪਾਲ ਜੋਗਾ, ਜ਼ਿਲ੍ਹਾ ਬਠਿੰਡਾ ਦੀ ਪ੍ਰਧਾਨ ਗੁਰਬਖਸ਼ ਕੌਰ ਅਤੇ ਜ਼ਿਲ੍ਹਾ ਮਾਨਸਾ ਵੱਲੋਂ ਭੈਣ ਕਿਰਨ ਅਤੇ ਹੋਰ ਭੈਣਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਪੰਜਾਬ ਇਸਤਰੀ ਸਭਾ ਸਰਕਾਰ ਕੋਲੋਂ ਮੰਗ ਕਰਦੀ ਹੈ ਕਿ ਸਾਰੇ ਦੋਸ਼ੀਆਂ ਨੂੰ ਜਲਦੀ ਗਿ੍ਰਫਤਾਰ ਕੀਤਾ ਜਾਵੇ।




