ਮੁਹਾਲੀ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿਸਟਰਡ ਨੰਬਰ 41 ਦੇ ਸੂਬਾ ਜਨਰਲ ਸਕੱਤਰ ਸਰਿੰਦਰਪਾਲ ਲਹੌਰੀਆ ਦੇ ਵਿਭਾਗ ਦੀਆਂ ਸੇਵਾਵਾਂ ਤੋਂ 28 ਫਰਵਰੀ ਨੂੰ ਸੇਵਾ ਮੁਕਤ ਹੋ ਜਾਣ ’ਤੇ ਜਥੇਬੰਦੀ ਨੇ ਭਾਵੇਂ ਉਸੇ ਦਿਨ ਦਫਤਰ ਵਿੱਚ ਸ਼ਾਨਦਾਰ ਸਮਾਗਮ ਕਰਕੇ ਲਹੌਰੀਆ ਦਾ ਸਨਮਾਨ ਕੀਤਾ ਸੀ, ਪਰ ਐਤਵਾਰ ਸਥਾਨਕ 69 ਸੈਕਟਰ ਦੇ ਕਮਿਊਨਿਟੀ ਸੈਂਟਰ ਵਿਖੇ ਲਹੌਰੀਆ ਦੇ ਪਰਵਾਰ ਵੱਲੋਂ ਖੁਸ਼ੀ ਵਜੋਂ ਆਯੋਜਿਤ ਕੀਤੇ ਸਮਾਗਮ ਵਿੱਚ ਉਚੇਰੇ ਤੌਰ ’ਤੇ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਅਤੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਜਥੇਬੰਦੀ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਪ੍ਰੀਤ ਸਿੰਘ ਗੰਡੀਵਿੰਡ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਵੱਖ ਵੱਖ ਸਰਕਲਾਂ ਤੋਂ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਆਗੂਆਂ ਅਤੇ ਭਰਾਤਰੀ ਜਥੇਬੰਦੀਆਂ ਸਮੇਤ ਰਿਸ਼ਤੇਦਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ, ਜਿਸ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।
ਇਸ ਸਮਾਗਮ ਵਿੱਚ ਇਕੱਤਰ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਬੰਤ ਬਰਾੜ ਅਤੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੂੰਜੀਪਤੀਆਂ ਦੇ ਪੱਖ ਦੀਆਂ ਲੋਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਘੜਨ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕਿਹਾ ਕਿ ਲਹੌਰੀਆ ਨੇ ਪੂਰੀ ਸੇਵਾ ਇਮਾਨਦਾਰੀ ਨਾਲ ਕਰਦੇ ਹੋਏ ਇਨ੍ਹਾਂ ਲੋਕ ਮਾਰੂ ਨੀਤੀਆਂ ਵਿਰੁੱਧ ਸੰਘਰਸ਼ ਕਰਦਿਆਂ ਕਿਰਤੀ ਲੋਕਾਂ ਦੀ ਬੰਦਖਲਾਸੀ ਲਈ ਅਡੋਲ ਰਹਿ ਕੇ ਏਟਕ ਦੇ ਝੰਡੇ ਨੂੰ ਬੁਲੰਦ ਰੱਖਿਆ ਹੈ ਅਤੇ ਅੱਗੇ ਵੀ ਇਸੇ ਤਰਜ਼ ’ਤੇ ਰੱਖੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਸਾਡਾ ਇਹ ਸਾਥੀ ਜੀਵਨ ਭਰ ਮਿਹਨਤਕਸ਼ ਲੋਕਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਹੋਏ ਭਾਈ ਲਾਲੋਆਂ ਦਾ ਸਾਥ ਦਿੰਦਾ ਰਹੇਗਾ। ਇਸ ਮੌਕੇ ਫੈਡਰੇਸ਼ਨ ਏਟਕ ਦੇ ਸੂਬਾ ਵਰਕਿੰਗ ਪ੍ਰਧਾਨ ਗੁਰਵਿੰਦਰ ਸਿੰਘ ਹਜ਼ਾਰਾ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾ ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਦੇ ਸੂਬਾ ਪ੍ਰਧਾਨ ਇੰਜੀ: ਰਣਜੀਤ ਸਿੰਘ ਢਿੱਲੋਂ, ਪਾਵਰਕਾਮ ਅਤੇ ਟ੍ਰਾਸ਼ਕੋ ਪੈਨਸ਼ਨਰ ਯੂਨੀਅਨ ਦੇ ਸੂਬਾ ਆਗੂ ਰਾਜਿੰਦਰ ਸਿੰਘ ਰਾਜਪੁਰਾ, ਜਗਦੀਸ਼ ਸ਼ਰਮਾ ਮੁਹਾਲੀ, ਪੂਰਨ ਸਿੰਘ ਮਾੜੀਮੇਘਾ, ਰਾਜਕੁਮਾਰ ਤਿਵਾੜੀ, ਬਰਿਜ ਮੋਹਨ ਸ਼ਰਮਾ, ਸਰਕਲ ਪ੍ਰਧਾਨ ਮੋਹਨ ਸਿੰਘ ਗਿੱਲ ਆਦਿ ਨੇ ਲਹੌਰੀਆ ਵੱਲੋਂ ਜਥੇਬੰਦੀ ਅਤੇ ਅਦਾਰੇ ਨੂੰ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ । ਸਮਾਗਮ ਵਿੱਚ ਜਥੇਬੰਦੀ ਦੀ ਸੂਬਾ ਕਮੇਟੀ ਅਤੇ ਵੱਖ ਵੱਖ ਸਰਕਲ ਯੂਨਿਟਾਂ ਦੀ ਲੀਡਰਸ਼ਿਪ ਅਤੇ ਭਰਾਤਰੀ ਜਥੇਬੰਦੀਆਂ ਸਮੇਤ ਰਿਸ਼ਤੇਦਾਰਾਂ ਦੀ ਤਰਫ਼ੋਂ ਲਹੌਰੀਆ ਅਤੇ ਉਨ੍ਹਾ ਦੀ ਪਤਨੀ ਕਵਲਜੀਤ ਕੌਰ ਨੂੰ ਯਾਦਗਾਰੀ ਤੋਹਫੇ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ ਗਿਆ । ਇਸ ਸਮਾਗਮ ਵਿੱਚ ਜਥੇਬੰਦੀ ਦੇ ਸੂਬਾ ਆਗੂ ਬਲਵਿੰਦਰ ਸਿੰਘ ਉਦੀਪੁਰ, ਰਛਪਾਲ ਸਿੰਘ ਪਾਲੀ, ਮਨਜੀਤ ਸਿੰਘ ਬਾਸਰਕੇ, ਪ੍ਰਦਿਊਮਨ ਗੌਤਮ, ਦਰਸ਼ਨ ਲਾਲ, ਗੁਰਧਿਆਨ ਸਿੰਘ, ਕਰਤਾਰ ਸਿੰਘ ਲਲਤੋਂ, ਦਵਿੰਦਰ ਸਿੰਘ ਰੋਪੜ ਜ਼ੋਨ ਕਨਵੀਨਰ ਹਸ਼ਮਤਅਲੀ, ਗੁਰਦਿਆਲ ਸਿੰਘ ਬੱਬੂ ਤੋਂ ਇਲਾਵਾ ਲਹੌਰੀਆ ਦੇ ਪਿਤਾ ਮਾਸਟਰ ਕਸ਼ਮੀਰ ਸਿੰਘ ਅਤੇ ਨਜ਼ਦੀਕੀ ਰਿਸ਼ਤੇਦਾਰ ਤਜਿੰਦਰ ਸਿੰਘ ਤੋਕੀ, ਰਾਜਦੁਲਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਸਰਕਲ ਪ੍ਰਧਾਨ/ਸਕੱਤਰਾਂ ਨੇ ਹਿੱਸਾ ਲਿਆ।ਲਹੌਰੀਆ ਨੇ ਨਵਾਂ ਜ਼ਮਾਨਾ ਨੂੰ 2000 ਰੁਪਏ ਖੁਸ਼ੀ ਵਜੋਂ ਸਹਾਇਤਾ ਭੇਜੀ ਹੈ।





