ਹੇਮਕੁੰਟ ਦੇ ਰਾਹ ’ਚ ਆਰਜ਼ੀ ਪੁਲ ਕਾਇਮ

0
15

ਅੰਮਿ੍ਰਤਸਰ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮਾਰਗ ਨੂੰ ਜੋੜਨ ਵਾਲਾ ਵੈਲੀ ਸਸਪੈਂਸ਼ਨ ਪੁਲ, ਜੋ ਪਹਾੜ ਤੋਂ ਮਲਬਾ ਡਿੱਗਣ ਕਾਰਨ ਨੁਕਸਾਨਿਆ ਗਿਆ ਸੀ, ਦੀ ਥਾਂ ’ਤੇ ਗੁਰਦੁਆਰਾ ਗੋਬਿੰਦ ਘਾਟ ਵਿਖੇ ਆਰਜ਼ੀ ਪੁਲ ਕਾਇਮ ਕਰ ਦਿੱਤਾ ਗਿਆ ਹੈ। ਇਹ ਪੁਲ ਅਲਕ ਨੰਦਾ ਨਦੀ ’ਤੇ ਬਣਾਇਆ ਗਿਆ ਹੈ। ਪੁਲ ਦੇ ਟੁੱਟਣ ਕਾਰਨ ਗੁਰਦੁਆਰਾ ਗੋਬਿੰਦ ਘਾਟ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਚਾਲੇ ਯਾਤਰਾ ਮਾਰਗ ਦਾ ਸੰਪਰਕ ਟੁੱਟ ਗਿਆ ਸੀ। ਆਰਜ਼ੀ ਪੁਲ ਨਾਲ ਨਾ ਸਿਰਫ ਯਾਤਰਾ ਮਾਰਗ ਮੁੜ ਜੁੜ ਗਿਆ ਹੈ ਸਗੋਂ ਦੂਜੇ ਪਾਸੇ ਪਿੰਡਾਂ ਦੇ ਲੋਕਾਂ ਦਾ ਵੀ ਸੜਕੀ ਸੰਪਰਕ ਬਹਾਲ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਵੀ ਸ਼ੁਰੂ ਹੋ ਚੁੱਕੀ ਹੈ। ਇਹ ਪੁਲ ਲੱਗਭੱਗ 44 ਫੁੱਟ ਲੰਬਾ ਅਤੇ ਸਾਢੇ ਚਾਰ ਫੁੱਟ ਚੌੜਾ ਹੈ, ਜਿਸ ’ਤੇ ਪੈਦਲ ਆਵਾਜਾਈ ਤੋਂ ਇਲਾਵਾ ਹਲਕੇ ਦੋ ਪਹੀਆ ਵਾਹਨ ਵੀ ਲੰਘਾਏ ਜਾ ਸਕਦੇ ਹਨ। ਸਰਕਾਰ ਨੇ ਨਵਾਂ ਵੈਲੀ ਸਸਪੈਂਸ਼ਨ ਪੁਲ ਬਣਾਉਣ ਵਾਸਤੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲੋੜੀਂਦਾ ਸਾਮਾਨ ਪੁੱਜ ਗਿਆ ਹੈ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਇਹ ਪੁਲ 25 ਮਈ ਨੂੰ ਯਾਤਰਾ ਆਰੰਭ ਹੋਣ ਤੋਂ ਪਹਿਲਾਂ ਬਣਾ ਦਿੱਤਾ ਜਾਵੇਗਾ।