ਨਵੀਂ ਦਿੱਲੀ : ਏਅਰ ਇੰਡੀਆ ਦੀ ਮੁੰਬਈ ਤੋਂ ਨਿਊ ਯਾਰਕ ਜਾ ਰਹੀ ਉਡਾਣ ਬੰਬ ਦੀ ਧਮਕੀ ਮਿਲਣ ਮਗਰੋਂ ਸੋਮਵਾਰ ਸਵੇਰੇ ਮੁੰਬਈ ਪਰਤ ਆਈ। ਜਹਾਜ਼ ਵਿੱਚ 322 ਜਣੇ ਸਵਾਰ ਸਨ, ਜਿਨ੍ਹਾਂ ’ਚ 19 ਅਮਲੇ ਦੇ ਮੈਂਬਰ ਸਨ। ਏਅਰ ਇੰਡੀਆ ਨੇ ਇਕ ਬਿਆਨ ਵਿੱਚ ਕਿਹਾ ਕਿ ਏਅਰ ਇੰਡੀਆ ਦੀ ਮੁੰਬਈ ਤੋਂ ਨਿਊ ਯਾਰਕ ਜਾ ਰਹੀ ਉਡਾਣ ਏ ਆਈ-119 ਜਦੋਂ ਹਵਾ ’ਚ ਸੀ ਤਾਂ ਸੰਭਾਵੀ ਸੁਰੱਖਿਆ ਖਤਰੇ ਬਾਰੇ ਪਤਾ ਲੱਗਾ। ਸੂਤਰਾਂ ਨੇ ਕਿਹਾ ਕਿ ਬੰਬ ਦੀ ਧਮਕੀ ਮਿਲੀ ਸੀ ਤੇ ਜਹਾਜ਼ ਦੇ ਇਕ ਪਖਾਨੇ ’ਚੋਂ ਇਕ ਨੋਟ ਵੀ ਮਿਲਿਆ ਸੀ।
ਮਜੀਠੀਆ 17 ਨੂੰ ਤਲਬ
ਪਟਿਆਲਾ : ਨਸ਼ਾ ਤਸਕਰੀ ਦੇ ਇੱਕ ਕੇਸ ਦੀ ਜਾਰੀ ਜਾਂਚ ਤਹਿਤ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ 17 ਮਾਰਚ ਨੂੰ ਪੁਲਸ ਲਾਈਨ ਪਟਿਆਲਾ ਸਥਿਤ ਸਿੱਟ ਦੇ ਮੁੱਖ ਦਫਤਰ ਵਿੱਚ 11 ਵਜੇ ਮੁੜ ਤੋਂ ਪੁੱਛ-ਪੜਤਾਲ ਲਈ ਸੱਦਿਆ ਗਿਆ ਹੈ।
ਅਦਾਕਾਰਾ ਨਿਆਂਇਕ ਹਿਰਾਸਤ ’ਚ
ਬੇਂਗਲੁਰੂ : ਸੋਨਾ ਤਸਕਰੀ ਮਾਮਲੇ ਤਹਿਤ ਕੰਨੜ ਅਦਾਕਾਰਾ ਰਾਣਿਆ ਰਾਓ ਨੂੰ ਸੋਮਵਾਰ ਵਿਸ਼ੇਸ਼ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਇਸਤੋਂ ਪਹਿਲਾਂ ਉਸਤੋਂ ਤਿੰਨ ਦਿਨ ਡੀ ਆਰ ਆਈ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ ਸੀ। ਪੇਸ਼ੀ ਵੇਲੇ ਉਹ ਰੋ ਪਈ। ਦੁਬਈ ਤੋਂ ਪਰਤੀ ਰਾਓ ਤੋਂ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ 12.56 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਜ਼ਬਤ ਕੀਤੇ ਗਏ ਸਨ। ਉਹ ਸੀਨੀਅਰ ਪੁਲਸ ਅਧਿਕਾਰੀ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ।