ਖੇਤ ਮਜ਼ਦੂਰਾਂ ਲਈ ਬਦਲਵੇਂ ਕਿੱਤੇ ਪੈਦਾ ਕੀਤੇ ਜਾਣ : ਕਾਮਰੇਡ ਗੋਰੀਆ

0
14

ਨਵੀਂ ਦਿੱਲੀ (ਗਿਆਨ ਸੈਦਪੁਰੀ)
ਇੱਥੇ ਚੱਲ ਰਹੀ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਜਨਰਲ ਕੌਂਸਲ ਮੀਟਿੰਗ ਵਿੱਚ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਭਖਵੀਂ ਤੇ ਉਸਾਰੂ ਬਹਿਸ ਹੋਈ। ਕਾਮਰੇਡ ਗੋਰੀਆ ਵੱਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ। ਬਹਿਸ ਦੌਰਾਨ ਵੱਖ-ਵੱਖ ਸੂਬਿਆਂ ਦੀ ਸਿਆਸੀ, ਸਮਾਜੀ ਤੇ ਸੱਭਿਆਚਾਰਕ ਪ੍ਰਸਥਿਤੀਆਂ ’ਤੇ ਵੀ ਪੰਛੀ ਝਾਤ ਪੈਂਦੀ ਰਹੀ। ਕੇਰਲਾ ਦੇ ਐਡਵੋਕੇਟ ਕੇ ਰਾਜੂ ਸਾਬਕਾ ਮੰਤਰੀ ਨੇ ਰਿਪੋਰਟ ਦੇ ਕਈ ਨੁਕਤਿਆਂ ’ਤੇ ਮਹੱਤਵਪੂਰਨ ਟਿੱਪਣੀਆਂ ਕੀਤੀਆਂ। ਉਨ੍ਹਾ ਖੱਬੇ ਮੋਰਚੇ ਦੀ ਸਰਕਾਰ ਵੇਲੇ ਦੀਆਂ ਪ੍ਰਾਪਤੀਆਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ। ਆਂਧਰਾ ਪ੍ਰਦੇਸ਼ ਦੇ ਕਾਮਰੇਡ ਏ ਸ਼ੇਖਰ ਨੇ ਸਿਹਤਮੰਦ ਨੁਕਤਾਚੀਨੀ ਨਾਲ ਬਹਿਸ ਨੂੰ ਅੱਗੇ ਤੋਰਿਆ। ਮਹਾਰਾਸ਼ਟਰ ਤੋਂ ਕਾਮਰੇਡ ਸ਼ਿਵ ਕੁਮਾਰ ਗੁਨਵੀਰ ਨੇ ਰਿਪੋਰਟ ’ਤੇ ਪੂਰਨ ਸਹਿਮਤੀ ਦਾ ਪ੍ਰਗਟਾਵਾ ਕੀਤਾ।ਉਨ੍ਹਾ ਦਲਿਤ ਵਰਗ ਨੂੰ ਮਿਲ ਰਹੀਆਂ ਨਿਗੂਣੀਆਂ ਜਿਹੀਆਂ ਸਹੂਲਤਾਂ ਸੰਬੰਧੀ ਇੱਕ ਜੱਜ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਗੈਰਜ਼ਰੂਰੀ ਦੱਸਿਆ। ਉਨ੍ਹਾ ਮਜ਼ਦੂਰ ਵਰਗ ਦੇ ਹਿੱਤ ਵਿੱਚ ਬਣੇ ਕਾਨੂੰਨਾਂ ਬਾਰੇ ਪੂਰੀ ਤਰ੍ਹਾਂ ਜਾਣਨ ਦੀ ਪ੍ਰੇਰਣਾ ਦਿੰਦਿਆਂ ਦੱਸਿਆ ਕਿ ਮਨਰੇਗਾ ਦੇ ਅਨੈਕਸ-5 ਵਿੱਚ ਬੇਕਾਰੀ ਭੱਤਾ ਮਿਲਣ ਦਾ ਜ਼ਿਕਰ ਕੀਤਾ ਹੋਇਆ ਹੈ।
ਮੱਧ ਪ੍ਰਦੇਸ਼ ਤੋਂ ਕਾਮਰੇਡ ਸੰਜੀਵ ਰਾਜਪੂਤ ਨੇ ਉਨ੍ਹਾ ਦੇ ਸੂਬੇ ਵਿੱਚ ਦਲਿਤਾਂ ਨਾਲ ਹੋ ਰਹੀ ਘੋਰ ਬੇਇਨਸਾਫੀ ਦਾ ਮਿਸਾਲਾਂ ਸਹਿਤ ਵਰਣਨ ਕੀਤਾ। ਬਿਹਾਰ ਦੇ ਕਾਮਰੇਡ ਪੁਨੀਤ ਮੁਖੀਆ ਨੇ ਸੂਬੇ ਵਿੱਚ ਵਿਆਪਕ ਪੱਧਰ ’ਤੇ ਫੈਲੀ ਹੋਈ ਗਰੀਬੀ ਦਾ ਹਿਰਦੇਵੇਧਕ ਵਰਣਨ ਕੀਤਾ। ਉਨ੍ਹਾ ਦੱਸਿਆ ਕਿ ਬਿਹਾਰ ਵਿੱਚ ਵਿਧਵਾ ਪੈਨਸ਼ਨ ਸਿਰਫ 400 ਰੁਪਏ ਪ੍ਰਤੀ ਮਹੀਨਾ ਹੈ। ਇੱਥੇ 64 ਲੱਖ ਪੈਨਸ਼ਨਰ ਹਨ। ਪਿਛਲੇ 3 ਸਾਲਾਂ ਤੋਂ ਕੋਈ ਵੀ ਪੈਨਸ਼ਨ ਜਾਰੀ ਨਹੀਂ ਹੋਈ। ਤਾਮਿਲਨਾਡੂ ਦੇ ਕਾਮਰੇਡ ਗਣੇਸ਼ਨ ਨੇ ਲੀਹ ਤੋਂ ਹਟ ਕੇ ਬਹਿਸ ’ਤੇ ਹਿੰਦੀ ਵਿੱਚ ਗੱਲਾਂ ਕੀਤੀਆਂ। ਪੰਜਾਬ ਤੋਂ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਬਹਿਸ ਵਿੱਚ ਹਿੱਸਾ ਲੈਂਦਿਆਂ ਦਲਿਤਾਂ ’ਤੇ ਹੁੰਦੇ ਅੱਤਿਆਚਾਰਾਂ ਦੀ ਜਾਣਕਾਰੀ ਮਿਸਾਲਾਂ ਦੇ ਕੇ ਸਾਂਝੀ ਕੀਤੀ। ਉਨ੍ਹਾ ਨੇ ਮਾਰੂ ਨਸ਼ਿਆਂ ਨਾਲ ਜਵਾਨੀ ਨੂੰ ਲੱਗੇ ਘੁਣ ਬਾਰੇ ਵੀ ਗੱਲਾਂ ਕੀਤੀਆਂ। ਉਨ੍ਹਾ ਇਹ ਵੀ ਜਾਣਕਾਰੀ ਦਿੱਤੀ ਕਿ ਸ਼ਾਮਲਾਤ ਜ਼ਮੀਨਾਂ ਵਿੱਚ ਦਲਿਤ ਵਰਗ ਨੂੰ ਤੀਸਰਾ ਹਿੱਸਾ ਦਿਵਾਉਣ ਲਈ 8 ਮਜ਼ਦੂਰ ਜਥੇਬੰਦੀਆਂ ਦਾ ਮੋਰਚਾ ਸੰਘਰਸ਼ਤ ਹੈ। ਸਰਹਾਲੀ ਕਲਾਂ ਨੇ ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਕਾਂਗਰਸ ਨੂੰ ਸਫਲ ਬਣਾਉਣ ਦਾ ਸੱਦਾ ਵੀ ਦਿੱਤਾ।
ਤਿੰਲਗਾਨਾ ਤੋਂ ਕਾਮਰੇਡ ਕੇ ਕਾਂਤਈਆ, ਹਰਿਆਣਾ ਤੋਂ ਕਾਮਰੇਡ ਜਿਲ੍ਹੇ ਸਿੰਘ ਪਾਲ, ਯੂ ਪੀ ਤੋਂ ਫੂਲ ਚੰਦ ਯਾਦਵ, ਪੱਛਮੀ ਬੰਗਾਲ ਤੋਂ ਡਾ. ਸੁਬੀਰ ਮੁੱਖੋਪਾਧਿਆਏ ਨੇ ਵੀ ਬਹਿਸ ਨੂੰ ਦਿਲਚਸਪ ਤੇ ਉਸਾਰੂ ਬਣਾਈ ਰੱਖਿਆ। ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰੇਤ ਮੈਂਬਰ ਕਾਮਰੇਡ ਨਾਗੇਂਦਰ ਨਾਥ ਓਝਾ ਨੇ ਆਪਣੀ ਸਮੇਟਵੀਂ ਟਿੱਪਣੀ ਵਿੱਚ ਕਿਹਾ ਕਿ ਬਹਿਸ ਵਿੱਚ ਮੈਂਬਰਾਂ ਨੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਕੁਝ ਨਵੇਂ ਸਵਾਲ ਵੀ ਖੜ੍ਹੇ ਕੀਤੇ ਹਨ। ਉਨ੍ਹਾ ਕਿਹਾ ਕਿ ਮਜ਼ਦੂਰ ਤੇ ਦਲਿਤ ਵਰਗ ਲਈ ਕਈ ਕਾਨੂੰਨ ਬਣਵਾਏ ਗਏ ਹਨ। ਮਨਾਂ ਅੰਦਰ ਇਹ ਵਿਚਾਰ ਕਰਦਿਆਂ ਕਿ ਅਜੇ ਤੱਕ ਅਸੀਂ ਇਹ ਕਾਨੂੰਨ ਪੂਰੀ ਤਰਾਂ ਲਾਗੂ ਕਿਉ ਨਹੀਂ ਕਰਵਾ ਸਕੇ, ਇਸ ਦਿਸ਼ਾ ਵਿੱਚ ਕੰਮ ਕਰਕੇ ਅੱਗੇ ਵਧਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਸਾਡੀ ਲੜਾਈ ਸਭ ਤੋਂ ਔਖੀ ਤੇ ਸਭ ਤੋਂ ਜ਼ਰੂਰੀ ਹੈ। ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਬਹਿਸ ਵਿੱਚ ਉੱਠੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਇਸ ਦੌਰ ਵਿੱਚ ਸਿਆਸੀ ਪ੍ਰਸਥਿਤੀਆਂ ਬੜੀਆਂ ਗੁੰਝਲਦਾਰ ਹਨ। ਫਾਸ਼ੀਵਾਦ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਸਮਾਂ ਮੰਗ ਕਰਦਾ ਹੈ ਕਿ ਜਮਹੂਰੀ ਤੇ ਖੱਬੀਆਂ ਧਿਰਾਂ ਏਕੇ ਦਾ ਪੜੁੱਲ ਉਸਾਰ ਕੇ ਦੇਸ਼ ਦੋਖੀ ਤਾਕਤਾਂ ਨੂੰ ਪਛਾੜ ਦੇਣ। ਮਜ਼ਦੂਰ ਵਰਗ ਦੀ ਸਥਿਤੀ ਸੰਬੰਧੀ ਕਾਮਰੇਡ ਗੋਰੀਆ ਨੇ ਕਿਹਾ ਕਿ ਖੇਤੀ ਕਿੱਤੇ ਦਾ ਮਸ਼ੀਨੀਕਰਨ ਹੋ ਜਾਣ ਕਰਕੇ ਖੇਤ ਮਜ਼ਦੂਰਾਂ ਦੀ ਮੰਗ ਘਟ ਗਈ ਹੈ। ਅਜਿਹੇ ਵਿੱਚ ਸਰਕਾਰਾਂ ਦਾ ਇਹ ਫਰਜ਼ ਹੈ ਕਿ ਉਹ ਖੇਤ ਮਜ਼ਦੂਰਾਂ ਲਈ ਬਦਲਵੇਂ ਕੰਮਾਂ ਦਾ ਪ੍ਰਬੰਧ ਕਰਨ।
ਪੇਰੀਆਰ, ਭਗਤ ਸਿੰਘ ਤੇ ਅੰਬੇਡਕਰ ਦੇ ਤਿੰਨ ਸਾਂਝੀ ਸੁਰ ਵਾਲੇ ਲੇਖਾਂ ਨੂੰ ਇਕੱਠੇ ਪ੍ਰਕਾਸ਼ਤ ਕਰਨ ਦਾ ਫੈਸਲਾ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਲਿਖਿਆ ਲੇਖ ‘ਅਛੂਤ ਦਾ ਸਵਾਲ’, ਈ ਵੀ ਐਮ ਪੇਰੀਆਰ ਵੱਲੋਂ ਤਾਮਿਲ ਅਖਬਾਰ ‘ਕੁੱਦੂਆਰਸੀ’ ਵਿੱਚ ਭਗਤ ਸਿੰਘ ਬਾਰੇ ਛਪੇ ਲੇਖ ਅਤੇ ਉਨ੍ਹਾਂ ਦਿਨਾਂ ਵਿੱਚ ਹੀ ਮਰਾਠਾ ਅਖਬਾਰ ਵਿੱਚ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਬਾਰੇ ਡਾ. ਭੀਮ ਰਾਓ ਅੰਬੇਡਕਰ ਦੇ ਲੇਖ ਨੂੰ ਇੱਕ ਥਾਂ ਛਪਵਾ ਕੇ ਪੂਰੇ ਦੇਸ਼ ਵਿੱਚ ਵੰਡਣ ਜਨਰਲ ਕੌਂਸਲ ਦੀ ਮੀਟਿੰਗ ਵਿੱਚ ਪ੍ਰਣ ਕੀਤਾ ਗਿਆ।