ਭਾਰਤੀ ਖੇਤੀ ਸੈਕਟਰ ’ਚ ਅਮਰੀਕਾ ਨੂੰ ਵੜਨ ਨਹੀਂ ਦਿੱਤਾ ਜਾਵੇਗਾ : ਬੰਤ ਬਰਾੜ

0
164

ਚੰਡੀਗੜ੍ਹ : ਅਮਰੀਕਾ ਟਰੰਪ ਦੀ ਅਗਵਾਈ ’ਚ ਭਾਰਤ ਦੀ ਖੇਤੀ ਆਰਥਿਕਤਾ ਵਿਚ ਵੜਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕਰ ਰਿਹਾ ਹੈ, ਜਿਸ ਦਾ ਭਾਰਤੀ ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਵੱਲੋਂ ਸ਼ਕਤੀਸ਼ਾਲੀ ਵਿਰੋਧ ਹੋਣਾ ਚਾਹੀਦਾ ਹੈ। ਟਰੰਪ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੇ ਖੇਤੀ ਸੈਕਟਰ ਨੂੰ ਅਮਰੀਕਨ ਕੰਪਨੀਆਂ ਅਤੇ ਕਾਰਪੋਰੇਟਾਂ ਵਾਸਤੇ ਖੋਲ੍ਹ ਦੇਣ ਬਾਰੇ ਦਬਾਅ ਪਾਉਣ ’ਤੇ ਪੰਜਾਬ ਸੀ ਪੀ ਆਈ ਨੇ ਤਿੱਖਾ ਪ੍ਰਤੀਕਰਮ ਕਰਦਿਆਂ ਆਖਿਆ ਹੈ ਕਿ ਅਜਿਹਾ ਹੋਣ ’ਤੇ ਨਾ ਕੇਵਲ ਦੇਸ਼ ਦਾ ਖੇਤੀ ਸੈਕਟਰ ਬਰਬਾਦ ਹੋਵੇਗਾ, ਸਗੋਂ ਸਾਰੇ ਦੇਸ਼ ਦੀ ਸਮੁੱਚੀ ਆਰਥਿਕਤਾ ’ਤੇ ਭਾਰੀ ਸੱਟ ਵੱਜੇਗੀ। ਭਾਰਤ ਅਜਿਹੀਆਂ ਨੀਤੀਆਂ ਦੀ ਮੁੱਢ ਤੋਂ ਹੀ ਜ਼ੋਰਦਾਰ ਵਿਰੋਧਤਾ ਕਰਦਾ ਆ ਰਿਹਾ ਹੈ, ਜਿਸ ਤਹਿਤ ਸੰਸਾਰ ਵਪਾਰ ਸੰਘ (ਡਬਲਿਊ ਟੀ ਓ) ਅਤੇ ਸੰਸਾਰ ਬੈਂਕ ਰਾਹੀਂ ਵਿਦੇਸ਼ੀ ਬਹੁਕੌਮੀ ਕਾਰਪੋਰੇਸ਼ਨਾਂ ਅਤੇ ਕੰਪਨੀਆਂ ਵਿਕਾਸਸ਼ੀਲ ਦੇਸ਼ਾਂ ਦੇ ਖੇਤੀ ਉਤਪਾਦਨਾਂ ’ਤੇ ਆਪਣੇ ਕਬਜ਼ੇ ਜਮਾਉਣਾ ਚਾਹੁੰਦੀਆਂ ਹਨ। ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਮੋਦੀ ਸਰਕਾਰ ਦੇ ਅਮਰੀਕਨ ਪ੍ਰਧਾਨ ਟਰੰਪ ਪ੍ਰਤੀ ਕਮਜ਼ੋਰ ਅਤੇ ਡਰਪੋਕ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਆਖਿਆ ਹੈ ਕਿ ਦੇਸ਼ ਦੀਆਂ ਕ੍ਰਾਂਤੀਕਾਰੀ ਅਤੇ ਜਮਹੂਰੀ ਸ਼ਕਤੀਆਂ ਕਿਸੇ ਤਰ੍ਹਾਂ ਵੀ ਅਜਿਹੀ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇਣਗੀਆਂ।