ਸਟਾਲਿਨ ਵੱਲੋਂ ਕੇਂਦਰੀ ਮੰਤਰੀ ਨੂੰ ਜ਼ੁਬਾਨ ਸੰਭਾਲ ਕੇ ਬੋਲਣ ਦੀ ਤਾਕੀਦ

0
24

ਚੇਨੱਈ : ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ’ਤੇ ਸੋਮਵਾਰ ਤਿੱਖਾ ਜਵਾਬੀ ਹਮਲਾ ਬੋਲਿਆ। ਪ੍ਰਧਾਨ ਨੇ ਲੋਕ ਸਭਾ ਵਿੱਚ ਕਿਹਾ ਸੀ ਕਿ ਤਾਮਿਲਨਾਡੂ ਸਰਕਾਰ ਪੀ ਐੱਮ ਸਕੂਲਜ਼ ਫਾਰ ਰਾਈਜ਼ਿੰਗ ਇੰਡੀਆ (ਪੀ ਐੱਮ ਸ਼੍ਰੀ) ਸਕੀਮ ਪ੍ਰਤੀ ਇਮਾਨਦਾਰ ਨਹੀਂ ਹੈ ਅਤੇ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰ ਰਹੀ ਹੈ। ਸਟਾਲਿਨ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਧਰਮੇਂਦਰ ਪ੍ਰਧਾਨ ਨੇ ਹੰਕਾਰੀ ਰਾਜੇ ਵਾਂਗ ਬੋਲ ਕੇ ਤਾਮਿਲਨਾਡੂ ਦੇ ਲੋਕਾਂ ਦਾ ਅਨਾਦਰ ਕੀਤਾ ਤੇ ਉਨ੍ਹਾ ਨੂੰ ਜ਼ਬਤ ਵਿੱਚ ਰਹਿਣਾ ਚਾਹੀਦਾ ਹੈ। ਹੰਕਾਰੀ ਲਹਿਜ਼ੇ ਵਿੱਚ ਬੋਲਣ ਵਾਲੇ ਪ੍ਰਧਾਨ ਨੂੰ ਜ਼ੁਬਾਨ ’ਤੇ ਕੰਟਰੋਲ ਰੱਖਣਾ ਚਾਹੀਦਾ ਸੀ। ਸਟਾਲਿਨ ਨੇ ਕਿਹਾ ਕਿ ਤਾਮਿਲਨਾਡੂ ਸਰਕਾਰ ਕੇਂਦਰ ਸਰਕਾਰ ਦੀ ਪੀ ਐੱਮ ਸ਼੍ਰੀ ਸਕੀਮ ਲਾਗੂ ਕਰਨ ਲਈ ਅੱਗੇ ਨਹੀਂ ਆਈ ਹੈ ਤੇ ਇਸ ਲਈ ਕੋਈ ਉਨ੍ਹਾ ਨੂੰ ਮਜਬੂਰ ਵੀ ਨਹੀਂ ਕਰ ਸਕਦਾ। ਪ੍ਰਧਾਨ ਸਿਰਫ ਇਹ ਦੱਸਣ ਕਿ ਤਾਮਿਲਨਾਡੂ ਤੋਂ ਇਕੱਠਾ ਕੀਤਾ ਫੰਡ, ਜਿਹੜਾ ਇੱਥੋਂ ਦੇ ਵਿਦਿਆਰਥੀਆਂ ਲਈ ਸੀ, ਸੂਬੇ ਨੂੰ ਮੋੜਨਾ ਹੈ ਕਿ ਨਹੀਂ। ਤਾਮਿਲਨਾਡੂ ਵੱਲੋਂ ਨਵੀਂ ਸਿੱਖਿਆ ਨੀਤੀ, ਤਿੰਨ ਭਾਸ਼ਾਈ ਨੀਤੀ ਤੇ ਪੀ ਐੱਮ ਸ਼੍ਰੀ ਕਰਾਰ ਨੂੰ ਰੱਦ ਕਰਨ ਬਾਰੇ ਪ੍ਰਧਾਨ ਦੇ ਪੱਤਰ ਦਾ ਜ਼ਿਕਰ ਕਰਦਿਆਂ ਸਟਾਲਿਨ ਨੇ ਕਿਹਾ ਕਿ ਡੀ ਐੱਮ ਕੇ ਸਰਕਾਰ ਨਾਗਪੁਰ ਤੋਂ ਆਦੇਸ਼ ਲੈਣ ਵਾਲੇ ਭਾਜਪਾ ਆਗੂਆਂ ਦੇ ਉਲਟ ਆਪਣੇ ਲੋਕਾਂ ਦੇ ਵਿਚਾਰਾਂ ਦਾ ਸਤਿਕਾਰ ਕਰਕੇ ਚਲਦੀ ਹੈ।
ਲੋਕ ਸਭਾ ਦੀ ਕਾਰਵਾਈ ਸੋਮਵਾਰ ਅੱਧਾ ਘੰਟਾ ਨਹੀਂ ਚੱਲ ਸਕੀ ਜਦੋਂ ਡੀ ਐੱਮ ਕੇ ਮੈਂਬਰਾਂ ਨੇ ਪ੍ਰਧਾਨ ਦੀਆਂ ਟਿੱਪਣੀਆਂ ਵਿਰੁੱਧ ਪੋ੍ਰਟੈੱਸਟ ਕੀਤਾ। ਪ੍ਰਧਾਨ ਨੇ ਪੀ ਐੱਮ ਸ਼੍ਰੀ ਸਕੀਮ ਬਾਰੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਡੀ ਐੱਮ ਕੇ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਨੇ ਕੇਂਦਰ ਦੀ ਸਕੀਮ ਨੂੰ ਲਾਗੂ ਕਰਨ ਬਾਰੇ ਆਪਣਾ ਸਟੈਂਡ ਬਦਲ ਲਿਆ ਹੈ, ਜਿਹੜੀ ਕਿ ਕੇਂਦਰ, ਸੂਬੇ ਜਾਂ ਲੋਕਲ ਬਾਡੀਜ਼ ਦੇ ਪ੍ਰਬੰਧ ਵਾਲੇ ਸਕੂਲਾਂ ਨੂੰ ਮਜ਼ਬੂਤ ਕਰਨ ਵਾਲੀ ਹੈ। ਸੂਬੇ ਨੇ ਕੌਮੀ ਸਿੱਖਿਆ ਨੀਤੀ-2020 ਲਾਗੂ ਕਰਨ ਲਈ ਕੇਂਦਰ ਨਾਲ ਕਰਾਰ ਕਰਨਾ ਸੀ ਤੇ ਉਸਦੇ ਇਵਜ਼ ਵਿੱਚ ਕੇਂਦਰ ਸਰਕਾਰ ਨੇ ਫੰਡ ਦੇਣੇ ਸਨ। ਤਾਮਿਲਨਾਡੂ ਸਰਕਾਰ ਪਹਿਲਾਂ ਕਰਾਰ ਕਰਨ ਲਈ ਸਹਿਮਤ ਹੋ ਗਈ ਸੀ ਪਰ ਫਿਰ ਸਟੈਂਡ ਬਦਲ ਲਿਆ। ਕਰਨਾਟਕ ਤੇ ਹਿਮਾਚਲ ਵਰਗੇ ਕਈ ਗੈਰ-ਭਾਜਪਾ ਰਾਜਾਂ ਨੇ ਕਰਾਰ ਕੀਤੇ ਹਨ। ਪ੍ਰਧਾਨ ਨੇ ਕਿਹਾ ਕਿ ਤਾਮਿਲਨਾਡੂ ਵਾਲੇ ਬੇਈਮਾਨ ਹਨ ਤੇ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰ ਰਹੇ ਹਨ। ਉਹ ਸਿਆਸਤ ਖੇਡ ਰਹੇ ਹਨ। ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਵਿਦਿਆਰਥਾਂ ਨਾਲ ਬੇਇਨਸਾਫੀ ਕਰ ਰਹੇ ਹਨ। ਉਹ ਗੈਰਜਮਹੂਰੀ ਹਨ। ਸਟਾਲਿਨ ਵੀ ਪਹਿਲਾਂ ਮੰਨ ਗਏ ਸਨ ਪਰ ਅਚਾਨਕ ਕੋਈ ਸੁਪਰ ਸੀ ਐੱਮ ਨਿਕਲ ਆਇਆ। ਪ੍ਰਧਾਨ ਨੇ ਕਿਹਾ ਕਿ ਅਜੇ ਵੀ ਕਰਾਰ ਕਰਨ ਲਈ 20 ਦਿਨ ਬਚੇ ਹਨ। ਪ੍ਰਧਾਨ ਦੇ ਬਿਆਨ ਦਾ ਸਖਤ ਵਿਰੋਧ ਕਰਦਿਆਂ ਡੀ ਐੱਮ ਕੇ ਸਾਂਸਦਾਂ ਨੇ ਕੇਂਦਰ ਸਰਕਾਰ ਖਿਲਾਫ ਸਦਨ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਸਟਾਲਿਨ ਨੇ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਕੇਂਦਰ ਨੇ ਤਾਮਿਨਲਾਡੂ ਨੂੰ ਫੰਡ ਨਾ ਦੇ ਕੇ ਠਗੀ ਕੀਤੀ ਹੈ ਤੇ ਇਸਦੇ ਸਾਂਸਦਾਂ ਨੂੰ ਅਸਭਿਅਕ ਦੱਸਿਆ ਹੈ। ਡੀ ਐੱਮ ਕੇ ਸਾਂਸਦ ਦਯਾਨਿਧੀ ਮਾਰਨ ਨੇ ਸੰਸਦ ਕੰਪਲੈਕਸ ਵਿੱਚ ਕਿਹਾ ਕਿ ਪ੍ਰਧਾਨ ਨੇ ਝੂਠ ਬੋਲਿਆ ਕਿ ਡੀ ਐੱਮ ਕੇ ਸਰਕਾਰ ਕਰਾਰ ’ਤੇ ਦਸਤਖਤ ਕਰਨੇ ਮੰਨ ਗਈ ਸੀ। ਉਨ੍ਹਾ ਕਿਹਾ ਕਿ ਡੀ ਐੱਮ ਕੇ ਨਵੀਂ ਸਿੱਖਿਆ ਨੀਤੀ ਜਾਂ ਤਿੰਨ-ਭਾਸ਼ਾਈ ਨੀਤੀ ਲਾਗੂ ਕਰਨ ਲਈ ਕਦੇ ਸਹਿਮਤ ਨਹੀਂ ਹੋਈ। ਤਾਮਿਲਨਾਡੂ ਦੇ ਵਿਦਿਆਰਥੀ ਤਿੰਨ ਭਾਸ਼ਾਵਾਂ ਸਿੱਖਣ ਲਈ ਕਿਉ ਰਾਜ਼ੀ ਹੋਣਗੇ, ਜਦ ਉੱਤਰ ਭਾਰਤ ਦੇ ਵਿਦਿਆਰਥੀ ਇੱਕ ਭਾਸ਼ਾ ਹਿੰਦੀ ਪੜ੍ਹਦੇ ਹਨ।
ਉਨ੍ਹਾ ਕਿਹਾ ਕਿ ਵੈਸੇ ਉਹ ਹਿੰਦੀ ਦੇ ਖਿਲਾਫ ਨਹੀਂ ਹਨ। ਜੇ ਕੋਈ ਹਿੰਦੀ ਪੜ੍ਹਨਾ ਚਾਹੁੰਦਾ ਹੈ ਤਾਂ ਪੜ੍ਹ ਸਕਦਾ ਹੈ ਪਰ ਹਿੰਦੀ ਨੂੰ ਤਾਮਿਲਨਾਡੂ ਵਿੱਚ ਲਾਜ਼ਮੀ ਨਹੀਂ ਕੀਤਾ ਜਾ ਸਕਦਾ। ਡੀ ਐੱਮ ਕੇ ਸਾਂਸਦ ਕਨੀਮੋਜ਼ੀ ਕਰੁਣਾਨਿਧੀ ਨੇ ਕਿਹਾ ਕਿ ਪ੍ਰਧਾਨ ਨੇ ਤਾਮਿਲਨਾਡੂ ਸਰਕਾਰ, ਲੋਕਾਂ ਤੇ ਉੱਥੋਂ ਦੇ ਸਾਂਸਦਾਂ ਨੂੰ ਝੂਠੇ ਗਰਦਾਨ ਕੇ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਨ੍ਹਾ ਵਲੋਂ ਸਾਂਸਦਾਂ ਨੂੰ ਅਸਭਿਅਕ ਕਹਿਣ ਦੀ ਉਹ ਕਰੜੀ ਨਿੰਦਾ ਕਰਦੇ ਹਨ।
ਡੀ ਐੱਮ ਕੇ ਮੈਂਬਰਾਂ ਦੇ ਪ੍ਰੋਟੈੱਸਟ ਤੋਂ ਬਾਅਦ ਪ੍ਰਧਾਨ ਨੇ ਆਪਣੇ ਸ਼ਬਦ ਵਾਪਸ ਲੈ ਲਏ ਤੇ ਲੋਕ ਸਭਾ ਸਪੀਕਰ ਨੇ ਉਹ ਰਿਕਾਰਡ ਵਿੱਚੋਂ ਕੱਢ ਦਿੱਤੇ। ਸਟਾਲਿਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਕੇਂਦਰ ਸਰਕਾਰ 10 ਹਜ਼ਾਰ ਕਰੋੜ ਰੁਪਏ ਵੀ ਦੇ ਦੇਵੇ, ਤਾਂ ਵੀ ਉਹ ਨਵੀਂ ਸਿੱਖਿਆ ਨੀਤੀ ਲਾਗੂ ਨਹੀਂ ਕਰਨਗੇ।