ਕਾਦੀਆਂ (ਯਾਦਵਿੰਦਰ ਸਿੰਘ ਮਲਹੋਤਰਾ)
ਐੱਕਸਪ੍ਰੈੱਸ ਵੇਅ ਲਈ ਜ਼ਮੀਨ ਐਕੁਆਇਰ ਕਰਨ ਲਈ ਪਿੰਡ ਭਰਥ ਤੇ ਨੰਗਲ ਝੌਰ ਪਹੁੰਚੀ ਟੀਮ ਅਤੇ ਕਿਸਾਨਾਂ ਵਿਚਾਲੇ ਝੜਪ ਹੋਣ ਕਾਰਨ 6 ਕਿਸਾਨ ਜ਼ਖਮੀ ਹੋ ਗਏ। ਬਟਾਲਾ ਦੇ ਐੱਸ ਡੀ ਐੱਮ ਵਿਕਰਮਜੀਤ ਸਿੰਘ ਪਾਂਥੇ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਮੰਗਲਵਾਰ ਸਵੇਰੇ ਦਿੱਲੀ-ਜੰਮੂ ਕਟੜਾ ਐੱਕਸਪ੍ਰੈੱਸ ਵੇਅ ਲਈ ਜ਼ਮੀਨ ਦਾ ਕਬਜ਼ਾ ਲੈਣ ਲਈ ਸ੍ਰੀ ਹਰਗੋਬਿੰਦਪੁਰ ਨੇੜੇ ਪਿੰਡ ਨੰਗਲ ਝੌਰ ਵਿਖੇ ਪਹੁੰਚੀ। ਇਸ ਦੌਰਾਨ ਟਕਰਾਅ ਵਾਲਾ ਮਾਹੌਲ ਬਣ ਗਿਆ, ਜਦੋਂ ਪ੍ਰਸ਼ਾਸਨ ਅਤੇ ਐੱਨ ਐੱਚ ਏ ਆਈ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਗਿਆ ਹੈ, ਜਦੋਂ ਕਿ ਕਿਸਾਨ ਯੂਨੀਅਨਾਂ ਨੇ ਦਾਅਵੇ ਨੂੰ ਰੱਦ ਕਰ ਦਿੱਤਾ। 50 ਦੇ ਕਰੀਬ ਕਿਸਾਨ ਨੰਗਲ ਝੌਰ ਪਿੰਡ ਨੇੜੇ ਇਕੱਠੇ ਹੋਏ। ਜਦੋਂ ਪ੍ਰਸ਼ਾਸਨ ਅਤੇ ਪੁਲਸ ਨੇ ਉਨ੍ਹਾਂ ਨੂੰ ਜ਼ਮੀਨ ਦਾ ਕਬਜ਼ਾ ਦੇਣ ਬਾਰੇ ਕਿਹਾ ਤਾਂ ਕਿਸਾਨਾਂ ਨੇ ਪੁਲਸ ਨੂੰ ਜ਼ਮੀਨ ਦਾ ਅਧਿਕਾਰ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਅਧਿਕਾਰੀਆਂ ਅਤੇ ਕਿਸਾਨਾਂ ਦਰਮਿਆਨ ਟਕਰਾਅ ਹੋਇਆ। ਕਿਸਾਨ ਢੁਕਵਾਂ ਮੁਆਵਜ਼ਾ ਲੈਣ ਦੀ ਮੰਗ ’ਤੇ ਅੜੇ ਰਹੇ। ਝੜਪ ਦੌਰਾਨ 6 ਕਿਸਾਨਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਰਚੋਵਾਲ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਐੱਸ ਐੱਸ ਪੀ ਸੋਹੇਲ ਕਾਸਿਮ ਮੀਰ ਨੇ ਕਿਹਾ ਕਿ ਕਿਸਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇੱਕ ਕਿਸਾਨ ਆਗੂ ਨੇ ਕਿਹਾ ਕਿ ਮੀਟਿੰਗਾਂ ’ਚ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਹ ਯਕੀਨ ਦਿਵਾਇਆ ਸੀ ਕਿ ਉਨ੍ਹਾਂ ਦੀ ਜ਼ਮੀਨ ਐਕੁਆਇਰ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ, ਪਰ ਉਹ ਆਪਣੇ ਵਾਅਦੇ ਤੋਂ ਮੁੱਕਰ ਗਏ। ਕਿਸਾਨਾਂ ਨੇ ਕਿਹਾ ਕਿ ਉਹ ਸੀਨੀਅਰ ਕਿਸਾਨ ਆਗੂਆਂ ਨਾਲ ਵਿਚਾਰ ਕਰਕੇ ਅਗਲਾ ਕਦਮ ਉਲੀਕਣਗੇ।




