ਸ੍ਰੀ ਮੁਕਤਸਰ ਸਾਹਿਬ : ਰੋਕੀਆਂ ਉਜਰਤਾਂ ਹਾਸਲ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਨਰੇਗਾ ਮਜ਼ਦੂਰਾਂ ਵੱਲੋਂ 13 ਮਾਰਚ ਨੂੰ ਇੱਥੇ ਡੀ ਸੀ-ਕਮ-ਜ਼ਿਲ੍ਹਾ ਪ੍ਰੋਗਰਾਮ ਕੰਟਰੋਲਰ ਨਰੇਗਾ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਮਾਰਿਆ ਜਾ ਰਿਹਾ ਹੈ। ਨਰੇਗਾ ਮਜ਼ਦੂਰ ਯੂਨੀਅਨ ਦੇ ਪ੍ਰਮੱਖ ਸਲਾਹਕਾਰ ਜਗਰੂਪ ਸਿੰਘ ਤੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਨੇ ਮਜ਼ਦੂਰਾਂ ਨੂੰ 11 ਵਜੇ ਤੱਕ ਖੰਡੇ ਵਾਲੇ ਪਾਰਕ ’ਚ ਪੁੱਜਣ ਦਾ ਸੱਦਾ ਦਿੱਤਾ ਹੈ। ਜਗਰੂਪ ਸਿੰਘ ਨੇ ਕਿਹਾ ਕਿ ਕੀਤੇ ਕੰਮ ਦੀ ਉਜਰਤ ਦਸੰਬਰ ਮਹੀਨੇ ਤੋਂ ਰੁਕੀ ਹੋਈ ਹੈ। ਕਾਨੂੰਨ ਮੁਤਾਬਕ 15 ਦਿਨ ਪਿੱਛੋਂ ਦਿੱਤੀ ਜਾਣ ਵਾਲੀ ਉਜਰਤ ਹਰਜਾਨੇ ਸਮੇਤ 25 ਫੀਸਦੀ ਵੱਧ ਦੇਣੀ ਹੁੰਦੀ ਹੈ। ਇਸ ਲਈ ਉਜਰਤਾਂ ਹਰਜਾਨੇ ਸਮੇਤ ਫੌਰੀ ਦਿੱਤੀਆਂ ਜਾਣ। ਬੋਹੜ ਸਿੰਘ ਸੁਖਨਾ ਨੇ ਮਜ਼ਦੂਰਾਂ ਨੂੰ ਧਰਨੇ ’ਚ ਵੱਡੀ ਗਿਣਤੀ ’ਚ ਪੁੱਜਣ ਦਾ ਸੱਦਾ ਦਿੱਤਾ ਹੈ। ਇਸ ਮੌਕੇ ਸੁਰਜੀਤ ਸਿੰਘ, ਗੁਰਬਚਨ ਸਿੰਘ, ਦੁਨੀ ਚੰਦ, ਗੁਰਮੇਲ ਸਿੰਘ, ਬਲਦੇਵ ਸਿੰਘ ਛੱਤਿਆਣਾ, ਜਸਵੰਤ ਸਿੰਘ ਛਤਿਆਣਾ ਤੇ ਗੁਰਜੰਟ ਸਿੰਘ ਆਦਿ ਮੌਜੂਦ ਸਨ।
6 ਨੂੰ ਉਮਰ ਕੈਦ ਤੇ 3 ਨੂੰ 10-10 ਸਾਲ ਕੈਦ
ਮੁਹਾਲੀ : ਪਾਕਿਸਤਾਨ ਤੋਂ ਡਰੋਨ ਰਾਹੀਂ ਅਸਲਾ ਅਤੇ ਗੋਲਾ-ਬਾਰੂਦ ਮੰਗਵਾਉਣ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਮਾਮਲੇ ਵਿੱਚ ਮੁਹਾਲੀ ਦੀ ਵਿਸ਼ੇਸ਼ ਐੱਨ ਆਈ ਏ ਅਦਾਲਤ ਨੇ ਛੇ ਜਣਿਆਂ ਨੂੰ ਉਮਰ ਕੈਦ ਅਤੇ ਤਿੰਨ ਨੂੰ ਦਸ-ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਨਿਹੰਗ ਮਾਨ ਸਿੰਘ, ਬਾਬਾ ਬਲਬੀਰ ਸਿੰਘ, ਬਾਬਾ ਬਲਵੰਤ ਸਿੰਘ, ਬਾਬਾ ਹਰਭਜਨ ਸਿੰਘ, ਆਕਾਸ਼ਦੀਪ ਸਿੰਘ ਅਤੇ ਬੱਬਰ ਗੁਰਮੀਤ ਸਿੰਘ ਬੱਗਾ ਜਰਮਨੀ ਦੇ ਭਰਾ ਗੁਰਦੇਵ ਸਿੰਘ ਨੂੰ ਉਮਰ ਕੈਦ ਅਤੇ ਨਾਲ ਹੀ ਸਾਜਨਦੀਪ ਸਿੰਘ, ਰੋਮਨਦੀਪ ਸਿੰਘ ਅਤੇ ਸ਼ੁਭਦੀਪ ਸਿੰਘ ਨੂੰ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਸਮਗਲਿੰਗ ਕੇਸ ’ਚ ਅਦਾਕਾਰਾ ਦੇ ਪਿਓ ਦੀ ਜਾਂਚ ਦੇ ਹੁਕਮ
ਬੇਂਗਲੁਰੂ : ਕਰਨਾਟਕ ਸਰਕਾਰ ਨੇ ਮਤਰੇਈ ਧੀ ਅਤੇ ਕੰਨੜ ਅਦਾਕਾਰਾ ਰਾਨਿਆ ਰਾਓ ਦੀ ਸੋਨੇ ਦੀ ਕਥਿਤ ਤਸਕਰੀ ਮਾਮਲੇ ਵਿੱਚ ਡੀ ਜੀ ਪੀ ਰੈਂਕ ਦੇ ਅਧਿਕਾਰੀ ਕੇ. ਰਾਮਚੰਦਰ ਰਾਓ ਦੀ ਭੂਮਿਕਾ ਦੀ ਜਾਂਚ ਲਈ ਵਧੀਕ ਮੁੱਖ ਸਕੱਤਰ ਗੌਰਵ ਗੁਪਤਾ ਨੂੰ ਨਿਯੁਕਤ ਕੀਤਾ ਹੈ। ਸਰਕਾਰ ਨੇ ਇੱਥੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪੁਲਸ ਅਧਿਕਾਰੀਆਂ ਦੀਆਂ ਕਥਿਤ ਕੁਤਾਹੀਆਂ ਅਤੇ ਡਿਊਟੀ ਵਿੱਚ ਲਾਪਰਵਾਹੀ ਦੀ ਸੀ ਆਈ ਡੀ ਜਾਂਚ ਦੇ ਵੀ ਹੁਕਮ ਦਿੱਤੇ ਹਨ। ਰਾਮਚੰਦਰ ਰਾਓ ਇਸ ਸਮੇਂ ਕਰਨਾਟਕ ਰਾਜ ਪੁਲਸ ਹਾਊਸਿੰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਐੱਮ ਡੀ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਾਂਚ ਅਧਿਕਾਰੀ ਤੁਰੰਤ ਜਾਂਚ ਸ਼ੁਰੂ ਕਰੇ ਅਤੇ ਇੱਕ ਹਫਤੇ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇ। ਇਸ ਤੋਂ ਇਲਾਵਾ ਹੋਰ ਅਧਿਕਾਰੀਆਂ ਨੂੰ ਜਾਂਚ ਲਈ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।




