ਭਾਰਤੀ ਕੁਸ਼ਤੀ ਫੈਡਰੇਸ਼ਨ ਦੀ ਮੁਅੱਤਲੀ ਰੱਦ

0
222

ਨਵੀਂ ਦਿੱਲੀ : ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ’ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਮੰਤਰਾਲੇ ਦੀ ਇਸ ਪੇਸ਼ਕਦਮੀ ਨਾਲ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਕੁਸ਼ਤੀ ਦੀ ਖੇਡ ਨੂੰ ਲੈ ਕੇ ਜਾਰੀ ਬੇਯਕੀਨੀ ਖਤਮ ਹੋਵੇਗੀ, ਉਥੇ ਅਮਾਨ ’ਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੇ ਚੋਣ ਟਰਾਇਲ ਤੇ ਹੋਰ ਸਰਗਰਮੀਆਂ ਮੁੜ ਸ਼ੁਰੂ ਹੋਣ ਲਈ ਰਾਹ ਪੱਧਰਾ ਹੋ ਜਾਵੇਗਾ।
ਮੰਤਰਾਲੇ ਨੇ ਫੈਡਰੇਸ਼ਨ ਨੂੰ ਕੁਝ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਹੈ। ਮੰਤਰਾਲੇ ਨੇ ਕਿਹਾ ਕਿ ਫੈਡਰੇਸ਼ਨ ਚੁਣੇ ਹੋਏ ਅਹੁਦੇਦਾਰਾਂ ਦਰਮਿਆਨ ਸ਼ਕਤੀ ਦਾ ਤਵਾਜ਼ਨ ਬਣਾਉਣ ਤੋਂ ਇਲਾਵਾ ਖੁਦ ਨੂੰ ਮੁਅੱਤਲ/ ਬਰਖਾਸਤ ਅਧਿਕਾਰੀਆਂ ਤੋਂ ਵੱਖ ਰੱਖੇ। ਮੰਤਰਾਲੇ ਨੇ 24 ਦਸੰਬਰ, 2023 ਨੂੰ ਨਵੀਂ ਸੰਸਥਾ, ਜਿਸ ਦੀ ਚੋਣ 21 ਦਸੰਬਰ ਨੂੰ ਹੋਈ ਸੀ, ਵੱਲੋਂ ਸ਼ਾਸਨ ਵਿੱਚ ਕਈ ਖਾਮੀਆਂ ਲਈ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ। ਕਾਬਿਲੇਗੌਰ ਹੈ ਕਿ ਸੰਜੈ ਸਿੰਘ ਦੀ ਅਗਵਾਈ ਵਾਲੀ ਸੰਸਥਾ ਨੇ ਗੋਂਡਾ ਦੇ ਨੰਦਿਨੀ ਨਗਰ ਵਿੱਚ ਅੰਡਰ-15 ਅਤੇ ਅੰਡਰ-20 ਰਾਸ਼ਟਰੀ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕੀਤਾ ਸੀ। ਗੋਂਡਾ ਸਾਬਕਾ ਫੈਡਰੇਸ਼ਨ ਮੁਖੀ ਬਿ੍ਰਜ ਭੂਸ਼ਣ ਸ਼ਰਣ ਸਿੰਘ ਦਾ ਗੜ੍ਹ ਹੈ। ਸਰਕਾਰ ਨੇ ਸਥਾਨ ਦੀ ਚੋਣ ਨੂੰ ਲੈ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਨਾਲ ਨਾਰਾਜ਼ਗੀ ਜਤਾਈ ਸੀ, ਕਿਉਂਕਿ ਸਾਬਕਾ ਭਾਜਪਾ ਸੰਸਦ ਮੈਂਬਰ ਬਿ੍ਰਜ ਭੂਸ਼ਣ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਸੀ। ਮੰਤਰਾਲੇ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਫੈਡਰੇਸ਼ਨ ਨੇ ਨੇਮਾਂ ਦੀ ਪਾਲਣਾ ਲਈ ਉਪਾਅ ਕੀਤੇ ਹਨ, ਲਿਹਾਜ਼ਾ ਖੇਡ ਅਤੇ ਖਿਡਾਰੀਆਂ ਦੇ ਵੱਡੇ ਹਿੱਤ ਵਿੱਚ ਮੰਤਰਾਲੇ ਨੇ ਮੁਅੱਤਲੀ ਹਟਾਉਣ ਦਾ ਫੈਸਲਾ ਕੀਤਾ ਹੈ। ਉਧਰ ਸੰਜੈ ਸਿੰਘ ਨੇ ਕਿਹਾਮੈਂ ਇਸ ਪੇਸ਼ਕਦਮੀ ਲਈ ਸਰਕਾਰ ਦਾ ਧੰਨਵਾਦ ਕਰਦਾ ਹਾਂ। ਇਹ ਸਾਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਦੀ ਆਗਿਆ ਦੇਵੇਗਾ। ਇਹ ਖੇਡ ਦੀ ਖਾਤਰ ਜ਼ਰੂਰੀ ਸੀ। ਭਲਵਾਨ ਮੁਕਾਬਲਿਆਂ ਦੀ ਘਾਟ ਕਾਰਨ ਦੁਖੀ ਸਨ।