ਬਲੋਚ ਲੜਾਕਿਆਂ ਵੱਲੋਂ ਟਰੇਨ ਅਗਵਾ

0
32

ਕੋਇਟਾ : ਪਾਕਿਸਤਾਨ ਵਿੱਚ ਬਲੋਚ ਲਿਬਰੇਸ਼ਨ ਆਰਮੀ (ਬੀ ਐੱਲ ਏ) ਨੇ ਮੰਗਲਵਾਰ ਜਾਫਰ ਐੱਕਸਪ੍ਰੈੱਸ ਨੂੰ ਕਬਜ਼ੇ ਵਿੱਚ ਲੈ ਕੇ 182 ਮੁਸਾਫਰਾਂ ਨੂੰ ਬੰਦੀ ਬਣਾ ਲਿਆ। ਉਸ ਨੇ ਕਿਹਾ ਕਿ ਉਸ ਦੇ ਲੜਾਕਿਆਂ ਨੇ ਮੁਸ਼ਕਾਫ, ਧਾਦਰ ਤੇ ਬੋਲਾਨ ਵਿੱਚ ਅਪ੍ਰੇਸ਼ਨ ਕਰਕੇ ਰੇਲ ਪਟੜੀ ਉਡਾ ਦਿੱਤੀ, ਜਿਸ ਕਰਕੇ ਰੇਲ ਗੱਡੀ ਨੂੰ ਰੁਕਣਾ ਪਿਆ। ਇਸ ਤੋਂ ਬਾਅਦ ਲੜਾਕਿਆਂ ਨੇ ਗੱਡੀ ’ਤੇ ਕਬਜ਼ਾ ਕਰ ਲਿਆ। ਗੱਡੀ ਵਿੱਚ ਪਾਕਿਸਤਾਨੀ ਫੌਜ, ਪੁਲਸ, ਐਂਟੀ-ਟੈਰੇਰਿਜ਼ਮ ਫੋਰਸ ਤੇ ਆਈ ਐੱਸ ਆਈ ਦੇ ਏਜੰਟ ਵੀ ਸ਼ਾਮਲ ਹਨ, ਜਿਹੜੇ ਪੰਜਾਬ ਜਾ ਰਹੇ ਸਨ। ਬੀ ਐੱਲ ਏ ਨੇ ਧਮਕੀ ਦਿੱਤੀ ਹੈ ਕਿ ਜੇ ਫੌਜੀ ਕਾਰਵਾਈ ਕੀਤੀ ਗਈ ਤਾਂ ਸਾਰੇ ਬੰਦੀ ਮਾਰ ਦਿੱਤੇ ਜਾਣਗੇ। ਕਤਲੇਆਮ ਦੀ ਜ਼ਿੰਮੇਵਾਰੀ ਪਾਕਿਸਤਾਨੀ ਫੌਜ ਦੀ ਹੋਵੇਗੀ। ਉਨ੍ਹਾਂ ਮਹਿਲਾਵਾਂ, ਬੱਚਿਆਂ ਤੇ ਬਲੋਚ ਮੁਸਾਫਰਾਂ ਨੂੰ ਛੱਡ ਦਿੱਤਾ ਹੈ, ਸਿਰਫ ਪਾਕਿਸਤਾਨ ਸੁਰੱਖਿਆ ਬਲਾਂ ਦੇ ਬੰਦੇ ਹੀ ਬੰਦੀ ਬਣਾਏ ਹਨ। ਉਸ ਨੇ ਕਿਹਾ ਕਿ ਅਪ੍ਰੇਸ਼ਨ ਦੀ ਅਗਵਾਈ ਬੀ ਐੱਲ ਏ ਦੀ ਫਿਦਾਈਨ ਯੂਨਿਟ ਤੇ ਮਜੀਦ ਬਿ੍ਰਗੇਡ ਕਰ ਰਹੀ ਹੈ, ਜਿਨ੍ਹਾਂ ਨੂੰ ਫਤਹਿ ਸਕੁਐਡ, ਐੱਸ ਟੀ ਓ ਐੱਸ ਤੇ ਜ਼ਿਰਾਬ ਇੰਟਰਨੈਸ਼ਨਲ ਵਿੰਗ ਦੀ ਹਮਾਇਤ ਹਾਸਲ ਹੈ। ਜਾਫਰ ਐੱਕਸਪ੍ਰੈੱਸ ਕਰੀਬ 450 ਮੁਸਾਫਰ ਲੈ ਕੇ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਤੋਂ ਖੈਬਰ ਪਖਤੂਨਖਵਾ ਦੀ ਰਾਜਧਾਨੀ ਪਿਸ਼ਾਵਰ ਜਾ ਰਹੀ ਸੀ। ਬੀ ਐੱਲ ਏ ਨੇ ਕਿਹਾ ਕਿ ਉਸ ਨੇ ਟਰੇਨ ਨੂੰ ਪਟੜੀਓਂ ਲਾਹ ਕੇ ਕਬਜ਼ੇ ਵਿੱਚ ਲਿਆ। ਇਸ ਦੌਰਾਨ 20 ਜਵਾਨ ਮਾਰੇ ਗਏ। ਬਲੋਚਿਸਤਾਨ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਰਿਪੋਰਟਾਂ ਹਨ ਕਿ ਲੜਾਕਿਆਂ ਨੇ ਫਾਇਰਿੰਗ ਕਰਕੇ ਟਰੇਨ ਡਰਾਈਵਰ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ। ਰੇਲਵੇ ਮੁਤਾਬਕ ਨੌਂ ਕੋਚਾਂ ਵਾਲੀ ਟਰੇਨ ਨੂੰ ਸੁਰੰਗ ਨੰਬਰ 8 ਕੋਲ ਅਗਵਾ ਕੀਤਾ ਗਿਆ। ਬਲੋਚਿਸਤਾਨ ਵਿੱਚ ਗੈਸ ਤੇ ਖਣਿਜ ਪਦਾਰਥਾਂ ਦੇ ਵਿਸ਼ਾਲ ਭੰਡਾਰ ਹਨ। ਉੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰੀ ਪਾਕਿਸਤਾਨ ਸਰਕਾਰ ਉਨ੍ਹਾਂ ਦੇ ਇਨ੍ਹਾਂ ਵਸੀਲਿਆਂ ਨੂੰ ਲੁੱਟ ਰਹੀ ਹੈ। ਸਰਕਾਰ ਖਿਲਾਫ ਲੜ ਰਹੇ ਹਥਿਆਰਬੰਦ ਲੋਕ ਬਲੋਚਿਸਤਾਨ ਦੀ ਆਜ਼ਾਦੀ ਜਾਂ ਖੁਦਮੁਖਤਾਰੀ ਦੀ ਮੰਗ ਕਰ ਰਹੇ ਹਨ।