ਮਾਨਸਾ (ਆਤਮਾ ਸਿੰਘ ਪਮਾਰ)
ਸੂਬੇ ਵਿੱਚ ਸਰਕਾਰੀ ਬੇਧਿਆਨੀ ਤੇ ਲਾਪ੍ਰਵਾਹੀ ਕਾਰਨ ਹੋ ਰਹੀ ਕੁੱਟਮਾਰ, ਗੁੰਡਾਗਰਦੀ ਤੇ ਕਤਲੇਆਮ ਨੇ ਅਮਨ-ਕਾਨੂੰਨ ਦੀ ਸਥਿਤੀ ਰੂਪੀ ਗੱਡੀ ਪੂਰੀ ਤਰ੍ਹਾਂ ਲੀਹੋਂ ਲਾਹ ਦਿੱਤੀ ਹੈ, ਜਿਸ ਦੀ ਬਹਾਲੀ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਸੇਸ ਧਿਆਨ ਦੇਣ ਅਤੇ ਨਜ਼ਰਸਾਨੀ ਕਰਨ ਦੀ ਜ਼ਰੂਰਤ ਹੈ। ਨਸ਼ਾ ਤਸਕਰ ਤੇ ਸਮਾਜ ਵਿਰੋਧੀ ਅਨਸਰ ਆਮ ਲੋਕਾਂ ’ਤੇ ਦਿਨ-ਦਿਹਾੜੇ ਹਮਲੇ ਕਰ ਰਹੇ ਹਨ ਅਤੇ ਸਰਕਾਰ ਮੂਕ-ਦਰਸ਼ਕ ਬਣ ਕੇ ਵੇਖ ਰਹੀ ਹੈ, ਜਿਸ ਦੇ ਸਿੱਟੇ ਵਜੋਂ ਆਮ ਲੋਕਾਂ ਦੀ ਸੁਰੱਖਿਆ ਗੰਭੀਰ ਖਤਰੇ ਵਿਚ ਪਈ ਹੋਈ ਹੈ। ਬੀਤੀ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਮੌਕੇ ਹਲਕਾ ਬੁਢਲਾਡਾ ਦੇ ਕਸਬਾ ਬੋਹਾ ਵਿਖੇ ਸੀ ਪੀ ਆਈ ਦੀ ਨਿਧੜਕ ਤੇ ਜੁਝਾਰੂ ਆਗੂ ਮਨਜੀਤ ਕੌਰ ਗਾਮੀਵਾਲਾ ਦਾ ਭਰੇ ਬਜ਼ਾਰ ਵਿੱਚ ਦਿਨ-ਦਿਹਾੜੇ ਹੋਇਆ ਕਤਲ ਇੱਕ ਸਿਆਸੀ ਕਤਲ ਹੈ ਅਤੇ ਨਾਲ ਹੀ ਉਹਨਾ ਦੀ ਸੋਚ ਨੂੰ ਖਤਮ ਕਰਨ ਦੀ ਡੂੰਘੀ ਸਾਜ਼ਿਸ਼ ਵੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਪ੍ਰੈੱਸ ਬਿਆਨ ਰਾਹੀਂ ਕੀਤਾ।
ਕਮਿਊਨਿਸਟ ਆਗੂ ਨੇ ਬੋਹਾ ਪੁਲਸ, ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ’ਤੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਤਿੰਨ ਦਿਨਾ ਰੋਸ ਪ੍ਰਦਰਸ਼ਨ ਕਰਨ ਉਪਰੰਤ ਹੀ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਤੇ ਕਤਲ ਕਾਂਡ ਮੌਕੇ ਬਣੀ ਐਕਸ਼ਨ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਗਿਆ। ਉਹਨਾ ਸੂਬਾ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੰਨੀਆਂ ਗਈਆਂ ਮੰਗਾਂ ਨੂੰ ਪੂਰਾ ਕਰਨ ਵਿੱਚ ਕੋਈ ਆਨਾਕਾਨੀ ਜਾਂ ਲਾਪ੍ਰਵਾਹੀ ਵਰਤੀ ਗਈ ਤਾਂ ਸੀ ਪੀ ਆਈ ਸੂਬੇ ਭਰ ਵਿਚ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਵੇਗੀ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ ਨੇ ਦੱਸਿਆ ਕਿ ਮਨਜੀਤ ਕੌਰ ਗਾਮੀਵਾਲਾ ਨਮਿਤ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 16 ਮਾਰਚ ਨੂੰ ਬਾਅਦ ਦੁਪਹਿਰ ਉਹਨਾ ਦੇ ਜੱਦੀ ਪਿੰਡ ਗਾਮੀਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਇਸ ਮੌਕੇ ਸੀ ਪੀ ਆਈ ਸੂਬਾ ਪਾਰਟੀ ਵੱਲੋਂ ਨਿਰਮਲ ਸਿੰਘ ਧਾਲੀਵਾਲ, ਇਸਤਰੀ ਸਭਾ ਦੇ ਸੂਬਾਈ ਆਗੂ ਦਲਜੀਤ ਕੌਰ ਅਰਸ਼ੀ, ਜ਼ਿਲ੍ਹਾ ਲੀਡਰਸ਼ਿਪ ਸਮੇਤ ਵੱਖ-ਵੱਖ ਕਿਸਾਨ, ਮਜ਼ਦੂਰ ਜਥੇਬੰਦੀਆਂ, ਧਾਰਮਿਕ, ਸਮਾਜਿਕ, ਵਪਾਰਕ, ਜਨਤਕ ਤੇ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।