ਚੰਡੀਗੜ੍ਹ (ਗੁਰਜੀਤ ਬਿੱਲਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ ਅੱਠਵਾਂ ਸੈਸ਼ਨ (ਬੱਜਟ ਸੈਸ਼ਨ) 21 ਤੋਂ 28 ਮਾਰਚ ਤੱਕ ਸੱਦਣ ਨੂੰ ਸਹਿਮਤੀ ਦੇ ਦਿੱਤੀ। ਸੈਸ਼ਨ ਦੌਰਾਨ 25 ਮਾਰਚ ਨੂੰ ਰਾਜਪਾਲ ਦਾ ਸੰਬੋਧਨ ਹੋਵੇਗਾ, ਜਿਸ ਮਗਰੋਂ ਸੰਬੋਧਨ ਉੱਤੇ ਬਹਿਸ ਹੋਵੇਗੀ। ਵਿੱਤ ਮੰਤਰੀ 26 ਮਾਰਚ ਨੂੰ ਸਾਲ 2025-26 ਦਾ ਆਮ ਬੱਜਟ ਪੇਸ਼ ਕਰਨਗੇ, ਜਿਸ ਮਗਰੋਂ ਬੱਜਟ ਉਤੇ ਬਹਿਸ ਹੋਵੇਗੀ।
ਸ਼ੇਅਰ ਬਾਜ਼ਾਰ ਡਿੱਗਿਆ
ਮੁੰਬਈ : ਸੈਂਸੇਕਸ ਵੀਰਵਾਰ ਆਪਣੇ ਸ਼ੁਰੂਆਤੀ ਵਾਧੇ ਤੋਂ ਹੇਠਾਂ ਆਉਂਦਿਆਂ 200.85 ਅੰਕ ਡਿੱਗ ਕੇ 73,828.91 ’ਤੇ ਬੰਦ ਹੋਇਆ। ਨਿਫਟੀ ਵੀ 73.30 ਅੰਕ ਡਿੱਗ ਕੇ 22,397.20 ’ਤੇ ਬੰਦ ਹੋਇਆ।
ਬਿ੍ਰਟਿਸ਼ ਮਹਿਲਾ ਨਾਲ ਜਬਰ-ਜ਼ਨਾਹ
ਨਵੀਂ ਦਿੱਲੀ : ਇੱਥੋਂ ਦੇ ਮਹੀਪਾਲਪੁਰ ਇਲਾਕੇ ਦੇ ਹੋਟਲ ਵਿੱਚ ਬਿ੍ਰਟਿਸ਼ ਮਹਿਲਾ ਨਾਲ ਦੋ ਵਿਅਕਤੀਆਂ ਨੇ ਕਥਿਤ ਤੌਰ ’ਤੇ ਸਮੂਹਕ ਜਬਰ-ਜ਼ਨਾਹ ਕੀਤਾ। ਪੁਲਸ ਨੇ ਦੋਵਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਬਿ੍ਰਟਿਸ਼ ਮਹਿਲਾ ਨਾਲ ਇੱਕ ਮੁਲਜ਼ਮ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਦੋਸਤੀ ਕੀਤੀ ਸੀ। ਪੁਲਸ ਨੇ ਦੱਸਿਆ ਕਿ ਮਹਿਲਾ ਉਸ ਨੂੰ ਮਿਲਣ ਲਈ ਯੂ ਕੇ ਤੋਂ ਦਿੱਲੀ ਆਈ ਸੀ।
76 ਦਹਿਸ਼ਤਗਰਦ ਸਰਗਰਮ
ਨਵੀਂ ਦਿੱਲੀ : ਸਰਕਾਰੀ ਅੰਕੜਿਆਂ ਮੁਤਾਬਕ ਜੰਮੂ ਅਤੇ ਕਸ਼ਮੀਰ ਵਿੱਚ 76 ਦਹਿਸ਼ਤਗਰਦ ਸਰਗਰਮ ਹਨ। ਇਨ੍ਹਾਂ ਵਿੱਚ ਹਿਜ਼ਬੁਲ ਮੁਜਾਹਦੀਨ, ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਈਬਾ ਦੇ 59 ਵਿਦੇਸ਼ੀ ਦਹਿਸ਼ਤਗਰਦ ਸ਼ਾਮਲ ਹਨ। 2024 ਵਿੱਚ ਇਸੇ ਸਮੇਂ ਤੱਕ 91 ਦਹਿਸ਼ਤਗਰਦ ਸਰਗਰਮ ਸਨ। 17 ਸਥਾਨਕ ਦਹਿਸ਼ਤਗਤਰਦਾਂ ਵਿੱਚੋਂ ਤਿੰਨ ਜੰਮੂ ਅਤੇ 14 ਘਾਟੀ ਵਿੱਚ ਸਰਗਰਮ ਹਨ।
ਸੁਨੀਤਾ ਤੇ ਵਿਲਮੋਰ ਦੀ ਪੁਲਾੜ ਤੋਂ ਵਾਪਸੀ ਟਲੀ
ਬੇਂਗਲੁਰੂ : ਨਾਸਾ ਅਤੇ ਸਪੇਸ ਐੱਕਸ ਵੱਲੋਂ ਬੁੱਧਵਾਰ ਪੁਲਾੜ ਵਿੱਚ ਨਵੇਂ ਕਰਿਊ-10 ਮਿਸ਼ਨ ਦੀ ਉਡਾਣ ਨੂੰ ਤਕਨੀਕੀ ਕਾਰਨਾਂ ਕਰਕੇ ਐਨ ਮੌਕੇ ’ਤੇ ਰੋਕ ਦਿੱਤਾ ਗਿਆ। ਇਸ ਮਿਸ਼ਨ ਨਾਲ ਨੌਂ ਮਹੀਨੇ ਤੋਂ ਪੁਲਾੜ ਵਿੱਚ ਫਸੇ ਅਮਰੀਕੀ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਧਰਤੀ ’ਤੇ ਵਾਪਸੀ ਹੋਣੀ ਸੀ।