ਚੰਡੀਗੜ੍ਹ : ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ) ਨੇ ਕੈਨੇਡੀਅਨ ਪੰਜਾਬੀ ਲੇਖਕ ਤੇ ਟਰੇਡ ਯੂਨੀਅਨਿਸਟ ਹਰਜੀਤ ਦੌਧਰੀਆ ਦੇ ਦੇਹਾਂਤ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਵਿੱਚ ਪੈਦਾ ਹੋਏ ਹਰਜੀਤ ਖੇਤੀਬਾੜੀ ਐਕਸਟੈਂਸ਼ਨ ਅਫਸਰ ਰਹੇ ਤੇ ਫਿਰ ਨੌਕਰੀ ਛੱਡ ਕੇ ਕੁਝ ਸਮਾਂ ਗੁਰਬਖਸ਼ ਸਿੰਘ ਪ੍ਰੀਤਲੜੀ ਫਾਰਮ ਹਾਊਸ ਵਿੱਚ ਸੇਵਾਵਾਂ ਦਿੱਤੀਆਂ। 1967 ਵਿੱਚ ਇੰਗਲੈਂਡ ਚਲੇ ਗਏ ਅਤੇ ਉੱਥੇ ਰਹਿੰਦਿਆਂ 2000 ਤੱਕ ਪ੍ਰੋਗ੍ਰੈਸਿਵ ਰਾਈਟਰਜ਼ ਐਸੋਸੀਏਸ਼ਨ ਗ੍ਰੇਟ ਬਿ੍ਰਟੇਨ ਤੇ ਭਾਰਤੀ ਮਜ਼ਦੂਰ ਸਭਾ ਵਿੱਚ ਸਰਗਰਮ ਰਹੇ। ਫਿਰ ਉਹ ਕੈਨੇਡਾ ਸੈਟਲ ਹੋ ਗਏ। ਉਥੇ ਕਮਿਊਨਿਸਟ ਪਾਰਟੀ ’ਚ ਸਰਗਰਮ ਰਹੇ ਤੇ ਫੈਡਰਲ ਚੋਣਾਂ ਵੀ ਲੜੀਆਂ। ਉਨ੍ਹਾ ‘ਸੱਚੇ ਮਾਰਗ ਚਲਦਿਆਂ’, ‘ਹੈ ਭੀ ਸੱਚ ਹੋਸੀ ਭੀ ਸੱਚ’, ‘ਆਪਣਾ ਪਿੰਡ ਪਰਦੇਸ’ ਤੇ ‘ਤੁੰਮਿਆਂ ਵਾਲੀ ਜਵੈਣ’ (ਪੰਜਾਬੀ ਕਾਵਿ ਸੰਗ੍ਰਹਿ), ‘ਹੇਠਲੀ ਉੱਤੇ’ (ਪੰਜਾਬੀ ਵਾਰਤਕ), ਦਰਸ਼ਨ (ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਪੰਜਾਬੀ ਤੇ ਅੰਗਰੇਜ਼ੀ ਵਿੱਚ ਸੰਪਾਦਤ ਪੁਸਤਕ), ‘ਹੋਲਡ ਦਾ ਸਕਾਈ’ (ਚੋਣਵੀਆਂ ਅੰਗਰੇਜ਼ੀ ਕਵਿਤਾਵਾਂ ਦਾ ਸੰਗ੍ਰਹਿ), ‘ਡਾ. ਡੀ ਐੱਸ ਕੋਟਨਿਸ ਤੇ ਡਾ. ਨੌਰਮਨ ਬੈਥਨੀ ਦੀਆਂ ਅਮਰ ਕਹਾਣੀਆਂ’ ਆਦਿ ਪੁਸਤਕਾਂ ਦੀ ਰਚਨਾ ਕੀਤੀ। ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪੀ ਲਕਸ਼ਮੀ ਨਾਰਾਇਣ, ਕਾਰਜਕਾਰੀ ਪ੍ਰਧਾਨ ਵਿਭੂਤੀ ਨਾਰਾਇਣ ਰਾਏ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸੁਵਰਨ ਸਿੰਘ ਵਿਰਕ, ਸਵਰਾਜਬੀਰ, ਡਾ. ਸਰਬਜੀਤ ਸਿੰਘ, ਸੁਰਜੀਤ ਜੱਜ, ਡਾ. ਕੁਲਦੀਪ ਸਿੰਘ ਦੀਪ, ਡਾ. ਪਾਲ ਕੌਰ ਤੇ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹਰਜੀਤ ਦੌਧਰੀਆ ਦੇ ਦੇਹਾਂਤ ਨਾਲ ਪ੍ਰਗਤੀਸ਼ੀਲ ਲਹਿਰ, ਖੱਬੇ-ਪੱਖੀ ਸਿਆਸਤ ਤੇ ਸੱਭਿਆਚਾਰਕ ਲਹਿਰ ਨੂੰ ਜੋ ਘਾਟਾ ਪਿਆ ਹੈ, ਉਹ ਨਾ ਪੂਰਾ ਹੋਣ ਵਾਲਾ ਹੈ। ਉਨ੍ਹਾਂ ਦੌਧਰੀਆ ਦੇ ਪਰਵਾਰਕ ਮੈਂਬਰਾਂ ਤੇ ਸਨੇਹੀਆਂ ਨਾਲ ਦਿਲੀ ਹਮਦਰਦੀ ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।