ਚੇਨਈ : ਤਾਮਿਲਨਾਡੂ ਵਿੱਚ ਡੀ ਐੱਮ ਕੇ ਸਰਕਾਰ ਨੇ ਵੀਰਵਾਰ ਸਾਲ 2025-26 ਲਈ ਆਪਣੇ ਬਜਟ ਸੰਬੰਧੀ ਲੋਗੋ ਜਾਰੀ ਕੀਤਾ, ਜਿਸ ਵਿੱਚ ਭਾਰਤੀ ਰੁਪਏ ਦੇ ਚਿੰਨ੍ਹ ਦੀ ਥਾਂ ਤਾਮਿਲ ਅੱਖਰ ਲਗਾ ਦਿੱਤਾ ਗਿਆ ਹੈ। ਨਵੇਂ ਲੋਗੋ ’ਤੇ ‘ਰੁ’ ਲਿਖਿਆ ਹੋਇਆ ਹੈ, ਜੋ ਕਿ ਤਾਮਿਲ ਸ਼ਬਦ ‘ਰੁਬਾਈ’ ਦਾ ਪਹਿਲਾ ਅੱਖਰ ਹੈ। ਇਹ ਸਥਾਨਕ ਭਾਸ਼ਾ ਵਿੱਚ ਭਾਰਤੀ ਮੁਦਰਾ ਨੂੰ ਦਰਸਾਉਂਦਾ ਹੈ। ਲੋਗੋ ’ਤੇ ‘ਸਭ ਲਈ ਸਭ ਕੁਝ’ ਕੈਪਸ਼ਨ ਵੀ ਲਿਖੀ ਹੈ, ਜੋ ਇਹ ਦਰਸਾਉਂਦੀ ਹੈ ਕਿ ਸੱਤਾਧਾਰੀ ਡੀ ਐੱਮ ਕੇ ਸ਼ਾਸਨ ਦਾ ਆਪਣਾ ਸਮਾਵੇਸ਼ੀ ਮਾਡਲ ਕੀ ਹੈ। ਤਾਮਿਲਨਾਡੂ ਦੇ ਭਾਜਪਾ ਮੁਖੀ ਕੇ. ਅੰਨਾਮਲਾਈ ਨੇ ਕਿਹਾਡੀ ਐੱਮ ਕੇ ਸਰਕਾਰ ਨੇ 2025-26 ਲਈ ਬਜਟ ਦੇ ਲੋਗੋ ਵਿੱਚ ਜਿਸ ਰੁਪਏ ਦੇ ਲੋਗੋ ਨੂੰ ਬਦਲਿਆ ਹੈ, ਉਹ ਇਕ ਤਾਮਿਲ ਵੱਲੋਂ ਹੀ ਡਿਜ਼ਾਈਨ ਕੀਤਾ ਗਿਆ ਸੀ, ਜਿਸ ਨੂੰ ਸਾਡੀ ਮੁਦਰਾ ਵਿੱਚ ਸ਼ਾਮਲ ਕਰਨ ਉਪਰੰਤ ਹਰ ਭਾਰਤੀ ਵੱਲੋਂ ਅਪਣਾਇਆ ਗਿਆ ਸੀ। ਤਾਮਿਲਨਾਡੂ ਸਰਕਾਰ ਵੱਲੋਂ ਇਹ ਬਦਲਾਅ ਕੇਂਦਰ ਅਤੇ ਤਾਮਿਲਨਾਡੂ ਵਿਚਕਾਰ ਭਾਸ਼ਾ ਵਿਵਾਦ ਦੇ ਵਿਚਕਾਰ ਸਾਹਮਣੇ ਆਇਆ ਹੈ।