ਅੰਮਿ੍ਰਤਸਰ (ਨਰਿੰਦਰਜੀਤ ਸਿੰਘ)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਪਿਛਲੇ ਕੁਝ ਸਮੇਂ ਤੋਂ ਚੱਲ ਰਹੀਆਂ ਅਫਵਾਹਾਂ ’ਤੇ ਫੁਲਸਟਾਪ ਲਾਉਦਿਆਂ ਐਤਵਾਰ ਸਪੱਸ਼ਟ ਕੀਤਾ ਕਿ ਭਗਵੰਤ ਮਾਨ ਹੀ ਪੰਜਾਬ ਦੇ ਮੁੱਖ ਮੰਤਰੀ ਰਹਿਣਗੇ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਪੰਜ ਸਾਲ ਪੂਰੇ ਹੀ ਨਹੀਂ ਕਰਨਗੇ ਬਲਕਿ ਉਸ ਤੋਂ ਬਾਅਦ ਅਗਲੇ ਪੰਜ ਸਾਲ ਵੀ ਭਗਵੰਤ ਮਾਨ ਹੀ ਮੁੱਖ ਮੰਤਰੀ ਹੋਣਗੇ।
ਚੇਤੇ ਰਹੇ ਕਿ ਪੰਜਾਬ ਵਿੱਚ ਮੁੱਖ ਮੰਤਰੀ ਬਦਲਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸਮੇਂ-ਸਮੇਂ ’ਤੇ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ। ਕੇਜਰੀਵਾਲ ਨੇ ਪਹਿਲੀ ਵਾਰ ਮੀਡੀਆ ਅੱਗੇ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਬਦਲੇ ਨਹੀਂ ਜਾ ਰਹੇ ਹਨ। ਕੇਜਰੀਵਾਲ ਨੇ ਕਿਹਾ16 ਮਾਰਚ 2022 ਨੂੰ ਮਾਨ ਸਾਬ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਚਾਰਜ ਲਿਆ। ਅੱਜ ਅਸੀਂ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈਣ ਆਏ ਸੀ। ਤਿੰਨ ਸਾਲ ਗੁਰੂਆਂ ਨੇ ਸਾਨੂੰ ਗਾਈਡ ਕੀਤਾ ਤੇ ਲੋਕਾਂ ਦੀ ਸੇਵਾ ਕਰਨ ਦੀ ਤਾਕਤ ਦਿੱਤੀ। ਅੱਜ ਪੰਜਾਬ ਵਿੱਚ ਸਭ ਤੋਂ ਵੱਡੀਆਂ ਸਮੱਸਿਆਵਾਂ ਡਰੱਗਜ਼ ਤੇ ਕੁਰੱਪਸ਼ਨ ਦੀਆਂ ਹਨ। ਪੰਜਾਬ ਦੇ ਤਿੰਨ ਕਰੋੜ ਲੋਕ ਡਰੱਗਜ਼ ਤੇ ਕੁਰੱਪਸ਼ਨ ਖਿਲਾਫ ਯੁੱਧ ਵਿੱਢਣ ਲਈ ਇਕੱਠੇ ਹੋਏ ਹਨ। ਇਹ ਇਨਸਾਫ ਦੀ ਜੰਗ ਹੈ। ਅਸੀਂ ਇੱਥੇ ਲੋਕਾਂ ਦੀ ਸੇਵਾ ਕਰਨ ਲਈ ਹਾਂ, ਨਾ ਕਿ ਸੱਤਾ ਲਈ।
ਮਾਨ ਨੇ ਕਿਹਾ ਕਿ ‘ਆਪ’ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਪ੍ਰਣ ਕੀਤਾ ਸੀ ਤੇ ਸਰਕਾਰ ਇਹ ਪ੍ਰਣ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾ ਕਿਹਾ ਕਿ ਸੂਬੇ ਵਿਚ 52 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਡਰੱਗਜ਼ ਤੇ ਕੁਰੱਪਸ਼ਨ ਖਿਲਾਫ ਜੰਗ ਵਿੱਢੀ ਗਈ ਹੈ। ਪਿਛਲੇ ਤਿੰਨ ਸਾਲ ਵਿੱਚ ਜਿੰਨਾ ਕੰਮ ਕੀਤਾ ਗਿਆ, ਓਨਾ 70 ਸਾਲ ਵਿੱਚ ਨਹੀਂ ਹੋਇਆ।
ਮਾਣਯੋਗ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਸਮੇਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ, ਉਸ ਸਮੇਂ ਸੂਬੇ ਵਿੱਚ ਸਿੰਜਾਈ ਲਈ ਸਿਰਫ਼ 21 ਫੀਸਦ ਨਹਿਰੀ ਪਾਣੀ ਵਰਤਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਅੱਜ 75 ਫੀਸਦ ਨਹਿਰੀ ਪਾਣੀ ਸਿੰਜਾਈ ਲਈ ਵਰਤਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਕ ਪਾਸੇ ਦਹਾਕਿਆਂ ਤੋਂ ਵਾਂਝੇ ਕਿਸਾਨਾਂ ਨੂੰ ਨਹਿਰੀ ਪਾਣੀ ਯਕੀਨੀ ਬਣਾਇਆ ਹੈ ਅਤੇ ਦੂਜੇ ਪਾਸੇ ਧਰਤੀ ਹੇਠਲੇ ਬੇਸ਼ਕੀਮਤੀ ਪਾਣੀ ਨੂੰ ਬਚਾਇਆ ਹੈ।
ਕੇਜਰੀਵਾਲ ਹੁਸ਼ਿਆਰਪੁਰ ਵਿਖੇ ਵਿਪਾਸਨਾ ਕਰਨ ਮਗਰੋਂ ਅੰਮਿ੍ਰਤਸਰ ਪੁੱਜੇ ਸਨ। ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਦੇ ਤਿੰਨ ਵਰ੍ਹੇ ਮੁਕੰਮਲ ਹੋਣ ’ਤੇ ਸ੍ਰੀ ਹਰਿਮੰਦਰ ਸਾਹਿਬ, ਵਾਲਮੀਕਿ ਤੀਰਥ ਸਥਲ ਅਤੇ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ।