ਸੰਗਰੂਰ : ਇੱਥੇ ਗੰਜੇਪਣ ਦਾ ਇਲਾਜ ਕਰਨ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਲਗਾਏ ਕੈਂਪ ਵਿੱਚ ਸਿਰ ’ਤੇ ਲਗਾਏ ਤੇਲ ਨੇ ਆਪਣਾ ਅਜਿਹਾ ਰੰਗ ਵਿਖਾਇਆ ਕਿ ਤੇਲ ਲਗਵਾਉਣ ਵਾਲੇ ਲੋਕਾਂ ਦੀਆਂ ਅੱਖਾਂ ਵਿੱਚ ਇਨਫੈਕਸ਼ਨ ਹੋ ਗਈ। ਐਤਵਾਰ ਰਾਤ ਕਰੀਬ 20 ਮਰੀਜ਼ ਸਿਵਲ ਹਸਪਤਾਲ ਪੁੱਜੇ ਸਨ, ਜਿਨ੍ਹਾਂ ਅੱਖਾਂ ਵਿੱਚ ਜਲਣ, ਸੋਜ਼ਿਸ਼ ਅਤੇ ਦਰਦ ਦੀ ਸ਼ਿਕਾਇਤ ਕੀਤੀ ਸੀ। ਸੋਮਵਾਰ ਸਵੇਰ ਤੱਕ ਮਰੀਜ਼ਾਂ ਦੀ ਗਿਣਤੀ ਵਧ ਕੇ 65 ਹੋ ਗਈ ਸੀ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਮਰੀਜ਼ ਪੁੱਜ ਰਹੇ ਹਨ, ਜਿਨ੍ਹਾਂ ਦੀ ਗਿਣਤੀ ਵੱਖਰੀ ਹੈ। ਸਿਵਲ ਤੇ ਪੁਲਸ ਪ੍ਰਸ਼ਾਸਨ ਨੇ ਜਾਂਚ ਸ਼ੁਰੁ ਕਰ ਦਿੱਤੀ ਹੈ। ਡੀ ਐੱਸ ਪੀ ਸੰਜੀਵ ਸਿੰਗਲਾ ਤੇ ਥਾਣਾ ਸਿਟੀ ਦੇ ਐੱਸ ਐੱਚ ਓ ਮਨਪ੍ਰੀਤ ਸਿੰਘ ਸਿਵਲ ਹਸਪਤਾਲ ਪੁੱਜੇ ਅਤੇ ਪੀੜਤ ਲੋਕਾਂ ਦੇ ਬਿਆਨ ਦਰਜ ਕੀਤੇ।
ਪੁਤਿਨ ਨਾਲ ਮੰਗਲਵਾਰ ਗੱਲ ਕਰਾਂਗਾ : ਟਰੰਪ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਯੂਕਰੇਨ ਵਿੱਚ ਜੰਗਬੰਦੀ ਲਈ ਮੰਗਲਵਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਕਰਨਗੇ। ਟਰੰਪ ਨੇ ਐਤਵਾਰ ਸ਼ਾਮ ਫਲੋਰੀਡਾ ਤੋਂ ਵਾਸ਼ਿੰਗਟਨ ਲਈ ਉਡਾਣ ਭਰਦੇ ਸਮੇਂ ਪੱਤਰਕਾਰਾਂ ਨੂੰ ਕਿਹਾਅਸੀਂ ਦੇਖਾਂਗੇ ਕਿ ਕੀ ਸਾਡੇ ਕੋਲ ਮੰਗਲਵਾਰ ਤੱਕ ਐਲਾਨ ਕਰਨ ਲਈ ਕੁਝ ਹੈ। ਮੈਂ ਮੰਗਲਵਾਰ ਨੂੰ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਾਂਗਾ, ਵੀਕਐਂਡ ਵਿੱਚ ਬਹੁਤ ਸਾਰਾ ਕੰਮ ਹੋ ਗਿਆ ਹੈ। ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕੀ ਅਸੀਂ ਜੰਗ ਨੂੰ ਖਤਮ ਕਰ ਸਕਦੇ ਹਾਂ।
ਸੁਨੀਤਾ ਤੇ ਵਿਲਮੋਰ ਭਲਕੇ ਆਸੀ
ਵਾਸ਼ਿੰਗਟਨ : ਪੁਲਾੜ ਵਿੱਚ ਨੌਂ ਮਹੀਨਿਆਂ ਤੋਂ ਫਸੇ ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ 19 ਮਾਰਚ ਨੂੰ ਪਰਤ ਆਉਣਗੇ। ਨਾਸਾ ਨੇ ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਇਹ ਦੋਵੇਂ ਪਿਛਲੇ ਸਾਲ 5 ਜੂਨ ਨੂੰ ਬੋਇੰਗ ਦੇ ਸਟਾਰਲਾਈਨਰ ਕੈਪਸੂਲ ’ਤੇ ਪੁਲਾੜ ਵਿੱਚ ਗਏ ਸਨ, ਹਾਲਾਂਕਿ ਤਕਨੀਕੀ ਨੁਕਸ ਕਰਕੇ ਉਨ੍ਹਾਂ ਦਾ ਮਿਸ਼ਨ ਅੱਠ ਦਿਨ ਤੋਂ ਵਧ ਕੇ ਨੌਂ ਮਹੀਨੇ ਲੰਮਾ ਹੋ ਗਿਆ।
ਮੰਦਰ ’ਤੇ ਹਮਲੇ ਦਾ ਇੱਕ ਮੁਲਜ਼ਮ ਮੁਕਾਬਲੇ ’ਚ ਮਾਰਿਆ ਗਿਆ
ਅੰਮਿ੍ਰਤਸਰ : ਇੱਥੇ ਖੰਡ ਵਾਲਾ ਵਿਖੇ ਧਰਮ ਅਸਥਾਨ ’ਤੇ ਧਮਾਕਾ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਇੱਕ ਮੁਲਜ਼ਮ ਦੀ ਸੋਮਵਾਰ ਮੁਕਾਬਲੇ ਦੌਰਾਨ ਮੌਤ ਹੋ ਗਈ, ਜਦੋਂਕਿ ਉਸ ਦਾ ਸਾਥੀ ਫਰਾਰ ਹੋ ਗਿਆ। ਸ਼ੁੱਕਰਵਾਰ ਅਤੇ ਸਨਿੱਚਰਵਾਰ ਦੀ ਦਰਮਿਆਨੀ ਰਾਤ ਨੂੰ ਖੰਡ ਵਾਲਾ ਵਿਖੇ ਠਾਕੁਰ ਦੁਆਰਾ ਮੰਦਰ ’ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗ੍ਰਨੇਡ ਵਰਗੀ ਕੋਈ ਵਿਸਫੋਟਕ ਸਮਗਰੀ ਸੁੱਟੀ ਗਈ ਸੀ।
ਪੁਲਸ ਮੋਟਰਸਾਈਕਲ ਦੇ ਨੰਬਰ ਤੋਂ ਉਸ ਦੇ ਮਾਲਕ ਅਤੇ ਬਾਅਦ ਵਿੱਚ ਘਟਨਾ ਵੇਲੇ ਮੋਟਰਸਾਈਕਲ ਵਰਤਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਦੀ ਲਗਾਤਾਰ ਪੈੜ ਨੱਪ ਰਹੀ ਸੀ। ਇਨ੍ਹਾਂ ਦੇ ਏਅਰਪੋਰਟ ਰੋਡ ’ਤੇ ਰਾਜਾਸਾਂਸੀ ਨੇੜੇ ਹੋਣ ਬਾਰੇ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਪਿੱਛਾ ਕੀਤਾ।
ਜਦੋਂ ਇਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ। ਜਵਾਬੀ ਗੋਲੀਬਾਰੀ ਵਿੱਚ ਇੱਕ ਦੀ ਮੌਤ ਹੋ ਗਈ, ਜਦੋਂਕਿ ਦੂਜਾ ਫਰਾਰ ਹੋ ਗਿਆ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੌਕੇ ਦੇ ਦੌਰੇ ਦੌਰਾਨ ਦੱਸਿਆ ਕਿ ਮਾਰੇ ਗਏ ਮੁਲਜ਼ਮ ਦੀ ਸ਼ਨਾਖਤ ਗੁਰਸਿਦਕ ਸਿੰਘ ਵਜੋਂ ਹੋਈ ਹੈ। ਉਸ ਦਾ ਸਾਥੀ ਵਿਸ਼ਾਲ ਉਰਫ ਚੂਹੀ ਫਰਾਰ ਹੋ ਗਿਆ। ਮੁਲਜ਼ਮਾਂ ਵੱਲੋਂ ਪੰਜ ਫਾਇਰ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਗੋਲੀ ਪੁਲਸ ਵਾਹਨ ’ਤੇ ਲੱਗੀ, ਇੱਕ ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਖੱਬੀ ਬਾਂਹ ’ਤੇ ਅਤੇ ਇੱਕ ਇੰਸਪੈਕਟਰ ਅਮੋਲਕ ਸਿੰਘ ਦੀ ਪੱਗ ਵਿੱਚ ਲੱਗੀ। ਉਨ੍ਹਾ ਦੱਸਿਆ ਕਿ ਮੰਦਰ ਹਮਲੇ ਪਿੱਛੇ ਵਿਦੇਸ਼ ਬੈਠੇ ਗੈਂਗਸਟਰਾਂ ਅਤੇ ਅੱਤਵਾਦੀਆਂ ਦਾ ਹੱਥ ਹੈ, ਜੋ ਪੰਜਾਬ ਵਿੱਚ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।