ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੋਲੇ ਮਹੱਲੇ ਦੇ ਸੰਦੇਸ਼ ਮਗਰੋਂ ਰੁੱਸੇ ਹੋਏ ਆਗੂਆਂ ਨੂੰ ਪਾਰਟੀ ਵਿੱਚ ਮੁੜ ਸ਼ਾਮਲ ਹੋ ਕੇ ਏਕਾ ਕਰਨ ਦੀ ਅਪੀਲ ਕੀਤੀ ਹੈ। ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸੋਮਵਾਰ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਉਹ ਪੰਜ ਮੈਂਬਰੀ ਕਮੇਟੀ ਸਮੇਤ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਨ, ਪੰਥਕ ਤਾਕਤਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਮਤਭੇਦ ਭੁਲਾ ਕੇ ਪੰਥ ਦੀ ਏਕਤਾ ਵਾਸਤੇ ਕੰਮ ਕਰਨ ਅਤੇ ਉਨ੍ਹਾਂ ਏਜੰਸੀਆਂ ਨੂੰ ਕਰਾਰੀ ਹਾਰ ਦੇਣ, ਜੋ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਪਣੀ ਪੂਰੀ ਵਾਹ ਲਾ ਰਹੀਆਂ ਹਨ। ਭੂੰਦੜ ਨੇ ਇਹ ਅਪੀਲ ਉਦੋਂ ਕੀਤੀ ਹੈ, ਜਦੋਂ ਅਕਾਲ ਤਖਤ ਵੱਲੋਂ ਕਾਇਮ ਕੀਤੀ ਗਈ ਕਮੇਟੀ 18 ਮਾਰਚ ਤੋਂ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਤੋਂ ਵੱਖਰੀ ਭਰਤੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹ ਰੁੱਸਿਆਂ ਨੂੰ ਮੁੜ ਅਪੀਲ ਕਰਦੇ ਹਨ ਕਿ ਉਹ ਮੈਂਬਰਸ਼ਿਪ ਭਰਤੀ ਦੀਆਂ ਕਾਪੀਆਂ ਲੈਣ ਅਤੇ ਪਰਚੀਆਂ ਭਰਵਾ ਕੇ ਡੈਲੀਗੇਟ ਬਣਵਾਉਣ, ਜੋ ਜਥੇਬੰਦਕ ਚੋਣਾਂ ਦਾ ਹਿੱਸਾ ਬਣ ਸਕਣ। ਭੂੰਦੜ ਨੇ ਇਹ ਵੀ ਕਿਹਾ ਕਿ ਪਾਰਟੀ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਵੱਲੋਂ 22 ਮਾਰਚ ਨੂੰ ਸੱਦੀ ਗਈ ਸਰਬ-ਪਾਰਟੀ ਮੀਟਿੰਗ ਵਿੱਚ ਸ਼ਾਮਲ ਹੋਵੇਗੀ, ਜਿਸ ’ਚ ਹੱਦਬੰਦੀ ਪ੍ਰਕਿਰਿਆ ’ਤੇ ਚਰਚਾ ਕੀਤੀ ਜਾਵੇਗੀ। ਅਕਾਲੀ ਦਲ ਦਾ ਵਫਦ ਨਵੀਂ ਸਿੱਖਿਆ ਨੀਤੀ ਬਾਰੇ ਵੀ ਵਿਚਾਰ ਰੱਖੇਗਾ, ਜਿਸ ਨਾਲ ਖੇਤਰੀ ਭਾਸ਼ਾਵਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ। ਭੂੰਦੜ ਨੇ ਇਹ ਵੀ ਦੱਸਿਆ ਕਿ ਪਾਰਲੀਮਾਨੀ ਬੋਰਡ ਤੇ ਜ਼ਿਲ੍ਹਾ ਅਬਜ਼ਰਵਰਾਂ ਨੇ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਫੈਸਲਾ ਲਿਆ ਕਿ ਮੈਂਬਰਸ਼ਿਪ ਭਰਤੀ ਫਾਰਮ ਜਮ੍ਹਾਂ ਕਰਵਾਉਣ ਦੀ ਤਰੀਕ 25 ਮਾਰਚ ਤੱਕ ਵਧਾਈ ਜਾਵੇ।




