ਪਟਿਆਲਾ (ਰਾਜਿੰਦਰ ਸਿੰਘ ਥਿੰਦ)
ਕਰਨਲ ਅਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਕਰਨ ਦੇ ਮਾਮਲੇ ’ਚ ਤਿੰਨ ਇੰਸਪੈਕਟਰਾਂ ਸਮੇਤ 12 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਪਟਿਆਲਾ ਦੇ ਐੱਸ ਐੱਸ ਪੀ ਨਾਨਕ ਸਿੰਘ ਨੇ ਦੱਸਿਆ ਕਿ ਮਾਮਲੇ ਦੀ 45 ਦਿਨਾਂ ਵਿੱਚ ਵਿਸਥਾਰ ਨਾਲ ਜਾਂਚ ਕੀਤੀ ਜਾਵੇਗੀ ਅਤੇ ਇਨਸਾਫ ਕੀਤਾ ਜਾਵੇਗਾ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਹੈਰੀ ਬੋਪਾਰਾਏ, ਰੌਨੀ ਸਿੰਘ ਅਤੇ ਹਰਜਿੰਦਰ ਢਿੱਲੋਂ ਸ਼ਾਮਲ ਹਨ। ਨਵੀਂ ਦਿੱਲੀ ਦੇ ਮਿਲਟਰੀ ਹੈੱਡਕੁਆਰਟਰ ਵਿੱਚ ਤਾਇਨਾਤ ਕਰਨਲ ਪੁਸ਼ਪਿੰਦਰ ਬਾਠ ਨੇ ਦਾਅਵਾ ਕੀਤਾ ਕਿ 13 ਮਾਰਚ ਦੀ ਰਾਤ ਨੂੰ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਸੀ। ਉਹ ਇਸ ਸਮੇਂ ਆਪਣੇ ਪੁੱਤਰ ਸਮੇਤ ਇਲਾਜ ਅਧੀਨ ਹਨ।
ਜਾਣਕਾਰੀ ਅਨੁਸਾਰ ਝਗੜਾ ਹੋਣ ਮੌਕੇ ਪੁਲਸ ਮੁਲਾਜ਼ਮ ਸਿਵਲ ਵਰਦੀ ਵਿੱਚ ਸਨ ਅਤੇ ਇਕ 7 ਸਾਲਾ ਬੱਚੇ ਨੂੰ ਬਚਾਉਣ ਲਈ ਹੋਏ ਅਗਵਾਕਾਰਾਂ ਨਾਲ ਮੁਕਾਬਲੇ ਤੋਂ ਬਾਅਦ ਹਸਪਤਾਲ ਜਾ ਰਹੇ ਸਨ। ਉਧਰ ਇਕ ਪੁਲਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਕਰਨਲ ਅਤੇ ਉਸ ਦੇ ਪੁੱਤਰ ਨੇ ਉਨ੍ਹਾਂ ’ਤੇ ਹਮਲਾ ਕੀਤਾ। ਉਹ ਨਸ਼ੇ ਵਿਚ ਸਨ। ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਜਸਵਿੰਦਰ ਬਾਠ ਨੇ ਦਾਅਵਾ ਕੀਤਾ ਕਿ ਉਨ੍ਹਾ ਦੇ ਪਤੀ ਅਤੇ ਪੁੱਤਰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬੇ ’ਤੇ ਪਹੁੰਚੇ ਸਨ। ਜਦੋਂ ਉਹ ਕਾਰ ਤੋਂ ਬਾਹਰ ਖੜ੍ਹੇ ਹੋ ਕੇ ਖਾਣਾ ਖਾ ਰਹੇ ਸਨ, ਤਾਂ ਪੁਲਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਕਾਰ ਹਟਾਉਣ ਲਈ ਕਿਹਾ। ਜਦੋਂ ਪਤੀ ਨੇ ਉਨ੍ਹਾਂ ਦੀ ਭਾਸ਼ਾ ’ਤੇ ਇਤਰਾਜ਼ ਕੀਤਾ, ਤਾਂ ਪੁਲਸ ਮੁਲਾਜ਼ਮਾਂ ਵਿੱਚੋਂ ਇੱਕ ਨੇ ਮੁੱਕਾ ਮਾਰਿਆ ਅਤੇ ਬਾਅਦ ਵਿੱਚ ਸਾਰੇ ਪੁਲਸ ਮੁਲਾਜ਼ਮਾਂ ਨੇ ਪਤੀ ਅਤੇ ਪੁੱਤਰ ਦੀ ਕੁੱਟਮਾਰ ਕੀਤੀ।
ਕਰਨਲ ਬਾਠ, ਜਿਹੜੇ ਇਸ ਵੇਲੇ ਪਟਿਆਲਾ ਦੇ ਆਰਮੀ ਹਸਪਤਾਲ ਵਿੱਚ ਹਨ, ਨੇ ਦੱਸਿਆ ਕਿ ਉਨ੍ਹਾ ਦੀ ਖੱਬੀ ਬਾਂਹ ਟੁੱਟ ਗਈ ਹੈ ਤੇ ਪਿੱਠ ਵਿੱਚ ਵੀ ਸੱਟਾਂ ਲੱਗੀਆਂ ਹਨ। ਪਹਿਲਾਂ ਅਣਪਛਾਤਿਆਂ ਖਿਲਾਫ ਐੱਫ ਆਈ ਆਰ ਕੀਤੀ ਸੀ, ਪਰ ਸੀਨੀਅਰ ਫੌਜੀ ਅਫਸਰਾਂ ਦੇ ਦਖਲ ਤੋਂ ਬਾਅਦ ਐੱਫ ਆਈ ਆਰ ਵਿੱਚ ਨਾਂਅ ਸ਼ਾਮਲ ਕੀਤੇ ਗਏ।