ਨਾਗਪੁਰ : ਮੁਗਲ ਸਮਰਾਟ ਔਰੰਗਜ਼ੇਬ ਦੇ ਮਕਬਰੇ ਵਿਰੁੱਧ ਪ੍ਰਦਰਸ਼ਨ ਤੋਂ ਬਾਅਦ ਫੈਲੀ ਹਿੰਸਾ ਕਰਕੇ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਕੇਂਦਰੀ ਨਾਗਪੁਰ ਵਿੱਚ ਸੋਮਵਾਰ ਸ਼ਾਮ ਨੂੰ ਹੋਈ ਹਿੰਸਾ ਵਿੱਚ ਤਿੰਨ ਡੀ ਸੀ ਪੀ’ਜ਼ ਸਮੇਤ 12 ਪੁਲਸ ਕਰਮਚਾਰੀ ਜ਼ਖਮੀ ਹੋ ਗਏ। ਹਿੰਸਾ ਦੇ ਸੰਬੰਧ ਵਿੱਚ ਪੁਲਸ ਨੇ 15 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ।
ਪੁਲਸ ਨੇ ਮੰਗਲਵਾਰ ਕਿਹਾ ਕਿ ਕੋਤਵਾਲੀ, ਗਣੇਸ਼ਪੇਠ, ਤਹਿਸੀਲ, ਲੱਕੜਗੰਜ, ਪਚਪੌਲੀ, ਸ਼ਾਂਤੀ ਨਗਰ, ਸੱਕਰਦਰਾ, ਨੰਦਨਵਨ, ਇਮਾਮਬਾੜਾ, ਯਸ਼ੋਧਰਾ ਨਗਰ ਅਤੇ ਕਪਿਲ ਨਗਰ ਪੁਲਸ ਸਟੇਸ਼ਨਾਂ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਲਾਕਿਆਂ ਵਿੱਚ ਕਰਫਿਊ ਲਗਾਇਆ ਗਿਆ ਹੈ। ਸੋਮਵਾਰ ਸ਼ਾਮ 7:30 ਵਜੇ ਦੇ ਕਰੀਬ ਮੱਧ ਨਾਗਪੁਰ ਦੇ ਚਿਟਨੀਸ ਪਾਰਕ ਇਲਾਕੇ ਵਿੱਚ ਹਿੰਸਾ ਭੜਕ ਗਈ, ਜਿਸ ਵਿੱਚ ਔਰੰਗਜ਼ੇਬ ਦੇ ਮਕਬਰੇ ਨੂੰ ਹਟਾਉਣ ਲਈ ਇੱਕ ਸੱਜੇ-ਪੱਖੀ ਸੰਸਥਾ ਵੱਲੋਂ ਕੀਤੇ ਗਏ ਅੰਦੋਲਨ ਦੌਰਾਨ ਇੱਕ ਭਾਈਚਾਰੇ ਦੇ ਪਵਿੱਤਰ ਗ੍ਰੰਥ ਨੂੰ ਸਾੜਨ ਦੀਆਂ ਅਫਵਾਹਾਂ ਵਿਚਕਾਰ ਪੁਲਸ ’ਤੇ ਪੱਥਰ ਸੁੱਟੇ ਗਏ।
ਰਾਤ 10.30 ਵਜੇ ਤੋਂ 11.30 ਵਜੇ ਦੇ ਵਿਚਕਾਰ ਓਲਡ ਭੰਡਾਰਾ ਰੋਡ ਨੇੜੇ ਹੰਸਾਪੁਰੀ ਇਲਾਕੇ ਵਿੱਚ ਇੱਕ ਹੋਰ ਝੜਪ ਹੋਈ। ਇਕ ਬੇਕਾਬੂ ਭੀੜ ਨੇ ਕਈ ਵਾਹਨਾਂ ਨੂੰ ਸਾੜ ਦਿੱਤਾ ਅਤੇ ਇਲਾਕੇ ਵਿੱਚ ਘਰਾਂ ਤੇ ਇੱਕ ਕਲੀਨਿਕ ਦੀ ਭੰਨਤੋੜ ਕੀਤੀ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਨਾਗਪੁਰ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਿੰਸਾ ਦੇ ਮੱਦੇਨਜ਼ਰ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕੀਤੀ ਹੈ।




