ਪੰਜਾਬ ’ਚ ਨਸ਼ਿਆਂ ਬਾਰੇ ਜਨਗਣਨਾ ਕਰਵਾਈ ਜਾਵੇਗੀ : ਕੇਜਰੀਵਾਲ

0
129

ਲੁਧਿਆਣਾ : ਸੂਬੇ ਵਿੱਚ ਨਸ਼ਿਆਂ ਦੀ ਲਾਹਨਤ ਖਿਲਾਫ਼ ਆਰ-ਪਾਰ ਦੀ ਲੜਾਈ ਲੜਨ ਦੀ ਸ਼ੁਰੂਆਤ ਕਰਦਿਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਕ ਅਪ੍ਰੈਲ ਤੋਂ ਨਸ਼ਿਆਂ ਖਿਲਾਫ਼ ਲੋਕ ਲਹਿਰ ਵਿੱਢਣ ਦਾ ਐਲਾਨ ਕੀਤਾ।
ਇੱਥੇ ਇਨਡੋਰ ਸਟੇਡੀਅਮ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਇਕ ਅਪ੍ਰੈਲ ਤੋਂ ਮੁੱਠੀਭਰ ਨਸ਼ਾ ਤਸਕਰਾਂ ਨੂੰ ਖਦੇੜਣ ਲਈ ਤਿੰਨ ਕਰੋੜ ਪੰਜਾਬੀ ਨਸ਼ਿਆਂ ਖਿਲਾਫ਼ ਮੈਦਾਨ ਵਿੱਚ ਨਿੱਤਰਨਗੇ, ਕਿਉਕਿ ਇਹ ਤਸਕਰ ਪੈਸਾ ਕਮਾਉਣ ਲਈ ਸੂਬੇ ਦੀਆਂ ਪੀੜ੍ਹੀਆਂ ਬਰਬਾਦ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਇਕ ਅਪ੍ਰੈਲ ਤੋਂ ਨਸ਼ਿਆਂ ਦੇ ਖਿਲਾਫ਼ ਲੋਕ ਲਹਿਰ ਸ਼ੁਰੂ ਕਰੇਗੀ। ਉਨ੍ਹਾ ਹਰੇਕ ਪੰਜਾਬੀ ਨੂੰ ਨਸ਼ਿਆਂ ਵਿਰੁੱਧ ਜੰਗ ਦਾ ਸਿਪਾਹੀ ਬਣਨ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਹਰੇਕ ਪਾਰਟੀ ਵਰਕਰ ਸੂਬੇ ਵਿੱਚੋਂ ਨਸ਼ਿਆਂ ਦਾ ਸਫਾਇਆ ਕਰਨ ਲਈ ਪਿੰਡ-ਪਿੰਡ ਜਾਵੇਗਾ ਅਤੇ ਨਸ਼ਿਆਂ ਦੇ ਖਿਲਾਫ਼ ਇਹ ਫੈਸਲਾਕੁੰਨ ਜੰਗ  ਹੋਵੇਗੀ।
ਆਪ ਦੇ ਕੌਮੀ ਕਨਵੀਨਰ ਨੇ ਨਸ਼ਾ ਵਿਰੋਧੀ ਹੈੱਲਪਲਾਈਨ ਨੰਬਰ 9779100200 ਨੂੰ ਜਨਤਕ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਇਲਾਕੇ ਵਿੱਚ ਨਸ਼ੇ ਵੇਚਣ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਸੂਚਨਾ ਇਸ ਨੰਬਰ ਉਤੇ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ, ਪਰ ਨਸ਼ਾ ਤਸਕਰਾਂ ਖਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਸੂਬਾ ਭਰ ਵਿੱਚ ਨਸ਼ਿਆਂ ਬਾਰੇ ਜਨਗਣਨਾ ਕਰਵਾਈ ਜਾਵੇਗੀ, ਤਾਂ ਕਿ ਸੂਬੇ ਵਿੱਚ ਨਸ਼ਿਆਂ ਦੀ ਮੌਜੂਦਾ ਸਥਿਤੀ ਦੀ ਡੂੰਘਾਈ ਤੱਕ ਪਹੁੰਚਿਆ ਜਾ ਸਕੇ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਜਨਗਣਨਾ ਦੇ ਹਿੱਸੇ ਵਜੋਂ ਟੀਮਾਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਨਸ਼ਿਆਂ ਦੀ ਅਸਲ ਸਥਿਤੀ ਦਾ ਪਤਾ ਲਾਉਣ ਲਈ ਹਰੇਕ ਘਰ ਦਾ ਦੌਰਾ ਕਰਨਗੀਆਂ। ਉਨ੍ਹਾ ਕਿਹਾ ਕਿ ਨਸ਼ੇ ਦੇ ਪੀੜਤਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ, ਪਰ ਬਾਅਦ ਵਿੱਚ ਸੁਧਾਰ ਲਈ ਕਦਮ ਚੁੱਕੇ ਜਾਣਗੇ। ਉਹਨਾ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹਰੇਕ ਪਿੰਡ ਵਿੱਚ ਖੇਡ ਮੈਦਾਨ ਤੇ ਜਿੰਮ ਖੋਲ੍ਹੇ ਜਾਣਗੇ। ਉਨ੍ਹਾ ਕਿਹਾ ਕਿ 5000 ਨਵੇਂ ਹੋਮ ਗਾਰਡ ਭਰਤੀ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਜਾਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਮਹਾਨ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੂਬਾ ਸਰਕਾਰ ਦਿਨ-ਰਾਤ ਮਿਹਨਤ ਕਰ ਰਹੀ ਹੈ।ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਲਗਾਤਾਰ ਕੋਸ਼ਿਸ਼ਾਂ ਕਾਰਨ ਸਿੱਖਿਆ, ਸਿਹਤ, ਬਿਜਲੀ ਅਤੇ ਹੋਰ ਖ਼ੇਤਰ ਪਹਿਲੀ ਦਫ਼ਾ ਸਿਆਸੀ ਪਾਰਟੀਆਂ ਦੇ ਏਜੰਡੇ ਵਿੱਚ ਕੇਂਦਰ ਬਿੰਦੂ ਬਣੇ ਹਨ। ਉਨ੍ਹਾ ਕਿਹਾ ਕਿ ਇਨ੍ਹਾਂ ਕਦਮਾਂ ਕਾਰਨ ਹੀ 56 ਇੰਚ ਦੀ ਛਾਤੀ ਹੋਣ ਦੇ ਦਮਗਜ਼ੇ ਮਾਰਨ ਵਾਲੇ ਲੀਡਰ ਹੁਣ ਕੇਜਰੀਵਾਲ ਤੋਂ ਡਰੇ ਹੋਏ ਹਨ। ਮਾਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਲਹਿਰ ਵਿੱਚ ਬਦਲਿਆ ਜਾ ਰਿਹਾ ਹੈ, ਤਾਂ ਜੋ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਇਆ ਜਾ ਸਕੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਸਮਾਗਮ ਵਿੱਚ ਮੌਜੂਦ ਕਾਰੋਬਾਰੀਆਂ ਦਾ ਸਨਮਾਨ ਕੀਤਾ।ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ਨਵੀਂ ਦਿੱਖ ਮਿਲਣ ਮਗਰੋਂ ਸਿਵਲ ਹਸਪਤਾਲ ਲੋਕਾਈ ਨੂੰ ਸਮਰਪਿਤ ਕੀਤਾ।
ਸੂਬਾ ਸਰਕਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਕਾਇਆ-ਕਲਪ ਹੋਈ ਹੈ ਅਤੇ ਇੱਥੇ ਕਈ ਮਿਸਾਲੀ ਪਹਿਲਕਦਮੀਆਂ ਸਫ਼ਲਤਾ-ਪੂਰਵਕ ਲਾਗੂ ਕੀਤੀਆਂ ਗਈਆਂ ਹਨ।