ਹੁਸ਼ਿਆਰਪੁਰ (ਬਲਬੀਰ ਸਿੰਘ ਸੈਣੀ)
ਸ਼੍ਰੋਮਣੀ ਗੁਰਦੁਆਰਾ ਪ੍ਰਬੰੰਧਕ ਕਮੇਟੀ (ਐੱਸ ਜੀ ਪੀ ਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈਣ ਲਈ ਰਾਜ਼ੀ ਹੋ ਗਏ ਹਨ। ਧਾਮੀ ਨੇ ਕਿਹਾ ਕਿ ਉਹ ਦੋ-ਚਾਰ ਦਿਨਾਂ ’ਚ ਪ੍ਰਧਾਨ ਵਜੋਂ ਅਹੁਦਾ ਸੰਭਾਲ ਲੈਣਗੇ। ਧਾਮੀ ਨੇ ਮੰਗਲਵਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇਥੇ ਆਪਣੀ ਰਿਹਾਇਸ਼ ’ਤੇ ਬੰਦ ਕਮਰਾ ਮੀਟਿੰਗ ਮਗਰੋਂ ਇਹ ਗੱਲ ਕਹੀ।
ਐੱਸ ਜੀ ਪੀ ਸੀ ਦੀ ਅੰਤਰਿੰਗ ਕਮੇਟੀ ਨੇ ਸੋਮਵਾਰ ਚੰਡੀਗੜ੍ਹ ਵਿੱਚ ਕੀਤੀ ਮੀਟਿੰਗ ’ਚ ਧਾਮੀ ਦੇ ਅਸਤੀਫੇ ਨੂੰ ਨਾਮਨਜ਼ੂਰ ਕਰ ਦਿੱਤਾ ਸੀ ਤੇ ਫਿਰ ਕਮੇਟੀ ਮੈਂਬਰ ਹੁਸ਼ਿਆਰਪੁਰ ਸਥਿਤ ਉਨ੍ਹਾ ਦੀ ਰਿਹਾਇਸ਼ ’ਤੇ ਉਨ੍ਹਾ ਨੂੰ ਮਨਾਉਣ ਵੀ ਪਹੁੰਚੇ ਸਨ। ਮੀਡੀਆ ਨੂੰ ਮੁਖਾਤਿਬ ਹੁੰਦਿਆਂ ਧਾਮੀ ਨੇ ਕਿਹਾ ਕਿ ਅੰਤਰਿੰਗ ਕਮੇਟੀ ਵਲੋਂ ਅਸਤੀਫਾ ਰੱਦ ਕਰ ਦੇਣ ਉਪਰੰਤ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਆਖਣ ’ਤੇ ਉਨ੍ਹਾ ਪ੍ਰਧਾਨ ਵਜੋਂ ਅਹੁਦਾ ਮੁੜ ਸੰਭਾਲਣ ਦਾ ਫੈਸਲਾ ਕੀਤਾ ਹੈ ਅਤੇ ਉਹ ਦੋ-ਚਾਰ ਦਿਨਾਂ ਅੰਦਰ ਇਹ ਸੇਵਾ ਸੰਭਾਲ ਲੈਣਗੇ।
ਸੁਖਬੀਰ ਸਿੰਘ ਬਾਦਲ ਦੇ ਘਰ ਪੁੱਜਣ ’ਤੇ ਧਾਮੀ ਨੇ ਉਨ੍ਹਾ ਦਾ ਸਵਾਗਤ ਕਰਦਿਆਂ ਨਿੱਘੀ ਜੱਫੀ ਪਾਈ ਅਤੇ ਉਨ੍ਹਾ ਨੂੰ ਅੰਦਰ ਲੈ ਕੇ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੀ ਉਨ੍ਹਾ ਦੇ ਨਾਲ ਹਨ।
ਸੁਖਬੀਰ ਸਿੰਘ ਬਾਦਲ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਮਾਨਦਾਰ ਅਤੇ ਪਾਰਟੀ ਦਾ ਵਫ਼ਾਦਾਰ ਸਿਪਾਹੀ ਕਰਾਰ ਦਿੱਤਾ। ਉਹਨਾ ਕਿਹਾ ਕਿ ਅਜੋਕੇ ਸਮੇਂ ਵਿੱਚ ਸਿੱਖ ਪੰਥ ਨੂੰ ਦਰਪੇਸ਼ ਭਰਪੂਰ ਚੁਣੌਤੀਆਂ ਵਾਲੇ ਮਾਹੌਲ ਵਿੱਚ ਆਪਸੀ ਏਕਤਾ, ਵਿਸ਼ਵਾਸ, ਇਤਫ਼ਾਕ ਤੇ ਭਾਈਚਾਰਕ ਭਾਵਨਾ ਦਾ ਮਜ਼ਬੂਤ ਹੋਣਾ ਸਮੇਂ ਦੀ ਮੁੱਖ ਲੋੜ ਹੈ। ਗੁਰੂਧਾਮ ਅਤੇ ਤਖਤ ਸਾਹਿਬਾਨ ਪੰਥਕ ਏਕਤਾ ਲਈ ਮਜ਼ਬੂਤ ਅਤੇ ਮੁੱਖ ਸੋਮਾ ਹਨ, ਪਰ ਕੁਝ ਪੰਥ ਵਿਰੋਧੀ ਤਾਕਤਾਂ ਵੱਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ, ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੀ ਤਾਕਤ ਖਤਮ ਕਰਨ ਲਈ ਹਰਿਆਣਾ ਕਮੇਟੀ ਬਣਾਉਣਾ ਤੇ ਇਥੇ ਕਬਜ਼ਾ ਕਰਨਾ ਵੀ ਪੰਥ ਵਿਰੋਧੀ ਤਾਕਤਾਂ ਦਾ ਕੰਮ ਹੈ। ਅਜਿਹੇ ਆਪੋਧਾਪੀ ਵਾਲੇ ਮਾਹੌਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਬਾਦਲ ਨੇ ਅਜਿਹੇ ਬਿਖੜੇ ਸਮੇਂ ਵਿੱਚ ਪੰਥਕ ਏਕਤਾ ’ਤੇ ਜ਼ੋਰ ਦਿੱਤਾ।





