ਦੀਰ ਅਲ ਬਲਾਹ (ਗਾਜ਼ਾ ਪੱਟੀ)
ਇਜ਼ਰਾਈਲ ਨੇ ਮੰਗਲਵਾਰ ਸਵੇਰੇ ਗਾਜ਼ਾ ਪੱਟੀ ਵਿੱਚ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਨਾਂਅ ’ਤੇ ਜ਼ਬਰਦਸਤ ਬੰਬਾਰੀ ਕੀਤੀ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲਿਆਂ ’ਚ ਬੱਚਿਆਂ ਤੇ ਔਰਤਾਂ ਸਣੇ ਘੱਟੋ-ਘੱਟ 404 ਵਿਅਕਤੀਆਂ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਜਨਵਰੀ ਵਿੱਚ ਜੰਗਬੰਦੀ ਕਰਾਰ ਦੇ ਅਮਲ ਵਿੱਚ ਆਉਣ ਤੋਂ ਬਾਅਦ ਇਹ ਗਾਜ਼ਾ ’ਚ ਹੁਣ ਤੱਕ ਦਾ ਸਭ ਤੋਂ ਘਾਤਕ ਹਮਲਾ ਹੈ। ਇਸ ਨਾਲ ਜੰਗਬੰਦੀ ਖਤਰੇ ਵਿੱਚ ਪੈ ਗਈ ਹੈ ਤੇ ਜੰਗ ਮੁੜ ਵੱਡੇ ਪੱਧਰ ’ਤੇ ਭੜਕ ਸਕਦੀ ਹੈ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਜੰਗਬੰਦੀ ਦੀ ਮਿਆਦ ਵਧਾਉਣ ਲਈ ਗੱਲਬਾਤ ਵਿੱਚ ਕੋਈ ਖਾਸ ਪ੍ਰਗਤੀ ਨਾ ਹੋਣ ਕਰਕੇ ਉਨ੍ਹਾ ਹਮਲੇ ਦੇ ਹੁਕਮ ਦਿੱਤੇ। ਨੇਤਨਯਾਹੂ ਨੇ ਕਿਹਾ ਕਿ ਹਮਾਸ ਵੱਲੋਂ ਜੰਗਬੰਦੀ ਕਰਾਰ ਵਿੱਚ ਸੋਧਾਂ ਬਾਰੇ ਇਜ਼ਰਾਈਲ ਦੀ ਮੰਗ ਨਾ ਮੰਨੇ ਜਾਣ ’ਤੇ ਉਨ੍ਹਾ ਹਮਲਿਆਂ ਦਾ ਹੁਕਮ ਦਿੱਤਾ। ਅਮਰੀਕਾ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ ਉਸ ਨਾਲ ਗੱਲ ਹੋਈ ਸੀ ਤੇ ਉਸ ਨੇ ਸਹਿਮਤੀ ਦਿੱਤੀ ਸੀ। ਇਜ਼ਰਾਈਲੀ ਫੌਜ ਨੇ ਲੋਕਾਂ ਨੂੰ ਪੂਰਬੀ ਗਾਜ਼ਾ ਵਿੱਚੋਂ ਨਿਕਲ ਕੇ ਦੱਖਣ ਵੱਲ ਚਲੇ ਜਾਣ ਲਈ ਕਿਹਾ ਹੈ। ਇਸ ਤੋਂ ਲੱਗਦਾ ਹੈ ਕਿ ਉਹ ਗਾਜ਼ਾ ਵਿੱਚ ਫਿਰ ਟੈਂਕ ਵਾੜੇਗੀ। ਇਜ਼ਰਾਈਲ ਨੇ ਇਹ ਹਮਲਾ ਰਮਜ਼ਾਨ ਦੇ ਮਹੀਨੇ ਵਿੱਚ ਕੀਤਾ ਹੈ।
ਪੂਰੀ ਰਾਤ ਹੋਏ ਹਮਲਿਆਂ ਨੇ ਸ਼ਾਂਤੀ ਦਾ ਦੌਰ ਖਤਮ ਕਰ ਦਿੱਤਾ ਹੈ ਤੇ ਜੰਗ ਮੁੜ ਸ਼ੁਰੂ ਹੋਣ ਦਾ ਖਦਸ਼ਾ ਵਧ ਗਿਆ ਹੈ, ਜਿਸ ਵਿੱਚ ਪਹਿਲਾਂ ਹੀ 48,000 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਤੇ ਗਾਜ਼ਾ ਤਬਾਹ ਹੋ ਚੁੱਕਾ ਹੈ। ਇਨ੍ਹਾਂ ਹਮਲਿਆਂ ਕਰਕੇ ਹਮਾਸ ਵੱਲੋਂ ਬੰਧਕ ਬਣਾਏ ਕਰੀਬ 24 ਇਜ਼ਰਾਈਲੀ ਨਾਗਰਿਕਾਂ ਦੇ ਭਵਿੱਖ ਨੂੰ ਲੈ ਕੇ ਸ਼ੰਕੇ ਖੜ੍ਹੇ ਹੋ ਗਏ ਹਨ। ਇਨ੍ਹਾਂ ਬੰਧਕਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਜਿਊਂਦੇ ਹਨ। ਇਕ ਸੀਨੀਅਰ ਹਮਾਸ ਅਧਿਕਾਰੀ ਨੇ ਕਿਹਾ ਕਿ ਨੇਤਨਯਾਹੂ ਨੇ ਜੰਗ ਮੁੜ ਸ਼ੁਰੂ ਕਰਕੇ ਬੰਧਕਾਂ ਲਈ ਖਤਰਾ ਪੈਦਾ ਕਰ ਦਿੱਤਾ ਹੈ। ਹਮਾਸ ਆਗੂ ਇੱਜ਼ਤ ਅਲ-ਰਿਸ਼ੇਕ ਨੇ ਕਿਹਾ ਕਿ ਨੇਤਨਯਾਹੂ ਨੇ ਆਪਣੀ ਸੱਜੇ-ਪੱਖੀ ਕੁਲੀਸ਼ਨ ਸਰਕਾਰ ਨੂੰ ਬਚਾਉਣ ਲਈ ਮੁੜ ਜੰਗ ਸ਼ੁਰੂ ਕੀਤੀ ਹੈ। ਉਨ੍ਹਾ ਜੰਗਬੰਦੀ ਕਰਾਉਣ ਵਾਲੇ ਵਿਚੋਲਿਆਂ ਨੂੰ ਕਿਹਾ ਕਿ ਹੁਣ ਉਹ ਦੱਸਣ ਕਿ ਜੰਗਬੰਦੀ ਕਿਸ ਨੇ ਤੋੜੀ ਹੈ।
ਬੰਧਕਾਂ ਨੂੰ ਛੁਡਾਉਣ ਵਿੱਚ ਨਾਕਾਮੀ ਤੇ ਇਜ਼ਰਾਈਲੀ ਅੰਦਰੂਨੀ ਸੁਰੱਖਿਆ ਏਜੰਸੀ ਦੇ ਮੁਖੀ ਨੂੰ ਬਰਤਰਫ ਕਰਨ ਕਰਕੇ ਇਜ਼ਰਾਈਲ ਵਿੱਚ ਨੇਤਨਯਾਹੂ ਖਿਲਾਫ ਜ਼ਬਰਦਸਤ ਰੋਹ ਹੈ। ਉਸ ਵਿਰੁੱਧ ਕੁਰੱਪਸ਼ਨ ਦਾ ਵੀ ਮਾਮਲਾ ਚੱਲ ਰਿਹਾ ਹੈ। ਹਮਲੇ ਤੋਂ ਬਾਅਦ ਉਸ ਦੀ ਸੁਣਵਾਈ ਅੱਗੇ ਪੈ ਗਈ ਹੈ। ਬੰਧਕਾਂ ਦੇ ਪਰਵਾਰਾਂ ਦਾ ਕਹਿਣਾ ਹੈ ਕਿ ਨੇਤਨਯਾਹੂ ਆਪਣੀ ਗੱਦੀ ਲਈ ਉਨ੍ਹਾਂ ਦੇ ਪਿਆਰਿਆਂ ਨੂੰ ਦਾਅ ’ਤੇ ਲਾ ਰਿਹਾ ਹੈ। ਉਹ ਜੰਗਬੰਦੀ ਤੋਂ ਭੱਜ ਰਿਹਾ ਹੈ। ਕਈ ਫਲਸਤੀਨੀਆਂ ਨੇ ਕਿਹਾ ਕਿ ਫਰਵਰੀ ਦੇ ਸ਼ੁਰੂ ਵਿੱਚ ਜੰਗਬੰਦੀ ਦੇ ਦੂਜੇ ਪੜਾਅ ਲਈ ਗੱਲਬਾਤ ਸ਼ੁਰੂ ਨਾ ਕੀਤੇ ਜਾਣ ਤੋਂ ਹੀ ਉਨ੍ਹਾਂ ਅੰਦਾਜ਼ਾ ਲਾ ਲਿਆ ਸੀ ਕਿ ਇਜ਼ਰਾਈਲ ਮੁੜ ਹਮਲੇ ਕਰੇਗਾ।