20 ਮਈ ਨੂੰ ਦੇਸ਼-ਵਿਆਪੀ ਆਮ ਹੜਤਾਲ

0
14

ਲੁਧਿਆਣਾ (ਐੱਮ ਐੱਸ ਭਾਟੀਆ)
ਕੇਂਦਰੀ ਟਰੇਡ ਯੂਨੀਅਨਾਂ ਤੇ ਸੁਤੰਤਰ ਖੇਤਰੀ ਫੈਡਰੇਸ਼ਨਾਂ ਤੇ ਐਸੋਸੀਏਸ਼ਨਾਂ ਦੇ ਸਾਂਝੇ ਮੋਰਚੇ ਵੱਲੋਂ ਮਜ਼ਦੂਰਾਂ ਦਾ ਰਾਸ਼ਟਰੀ ਸੰਮੇਲਨ 18 ਮਾਰਚ ਨੂੰ ਨਵੀਂ ਦਿੱਲੀ ’ਚ ਆਯੋਜਿਤ ਕੀਤਾ ਗਿਆ। ਇਸ ਵਿੱਚ ਦੋ ਮਹੀਨੇ ਚੱਲਣ ਵਾਲੀ ਮੁਹਿੰਮ ਤੋਂ ਬਾਅਦ 20 ਮਈ ਨੂੰ ਦੇਸ਼-ਵਿਆਪੀ ਆਮ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਸੰਮੇਲਨ ਵਿੱਚ ਜਨਤਕ ਖੇਤਰ ਦੇ ਅਦਾਰੇ ਅਤੇ ਸਰਕਾਰੀ ਖੇਤਰਾਂ ਦੀਆਂ ਯੂਨੀਅਨਾਂ, ਜਿਵੇਂ ਕਿ ਬੈਂਕ, ਬੀਮਾ, ਕੋਲਾ, ਸਟੀਲ, ਬੰਦਰਗਾਹ ਅਤੇ ਡੌਕ, ਬਿਜਲੀ, ਦੂਰਸੰਚਾਰ, ਡਾਕ, ਰੇਲਵੇ, ਰੱਖਿਆ, ਸੜਕ ਮਾਰਗ, ਸਿੱਖਿਆ, ਸਿਹਤ, ਪਾਣੀ, ਸਿਵਲ ਸੇਵਾਵਾਂ ਆਦਿ ਅਤੇ ਨਿੱਜੀ ਰਸਮੀ ਖੇਤਰ ਦੇ ਆਗੂ ਅਤੇ ਕਾਰਕੁਨ ਸ਼ਾਮਲ ਸਨ। ਇਹਨਾਂ ਤੋ ਇਲਾਵਾ ਉਨ੍ਹਾਂ ਖੇਤਰਾਂ ਦੇ ਠੇਕਾ ਕਰਮਚਾਰੀ, ਗੈਰ-ਰਸਮੀ/ ਅਸੰਗਠਿਤ ਖੇਤਰ- ਉਦਯੋਗਿਕ ਅਤੇ ਨਾਲ ਹੀ ਠੇਕਾ, ਆਊਟਸੋਰਸ ਕੀਤੇ ਕਰਮਚਾਰੀ ਅਤੇ ਪੀਸ ਰੇਟ ਕੰਮ ਵਿੱਚ ਸਵੈ-ਰੁਜ਼ਗਾਰ, ਘਰੇਲੂ ਕਾਮੇ, ਗਿਗ ਅਤੇ ਐਪ ਅਧਾਰਤ ਕਰਮਚਾਰੀ, ਆਂਗਣਵਾੜੀ, ਆਸ਼ਾ ਅਤੇ ਮਿਡ-ਡੇ ਮੀਲ ਸਕੀਮਾਂ, ਬੀੜੀ ਅਤੇ ਨਿਰਮਾਣ ਖੇਤਰ, ਲੋਡਰ-ਅਨਲੋਡਰ ਆਦਿ ਦੇ ਕਰਮਚਾਰੀ ਵੀ ਸ਼ਾਮਲ ਸਨ।ਨਵੀਂ ਦਿੱਲੀ ਵਿਖੇ ਪਿਆਰੇ ਲਾਲ ਹਾਲ ਦੇਸ਼ ਦੇ ਸਾਰੇ ਰਾਜਾਂ ਤੋਂ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੈਕਟਰਲ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਖਚਾਖਚ ਭਰਿਆ ਹੋਇਆ ਸੀ। ਇਹਨਾਂ ਵੱਲੋਂ ਭਾਜਪਾ ਸਰਕਾਰ ਦੀਆਂ ਮਜ਼ਦੂਰ-ਵਿਰੋਧੀ, ਕਿਸਾਨ-ਵਿਰੋਧੀ ਅਤੇ ਲੋਕ-ਵਿਰੋਧੀ ਨੀਤੀਆਂ ਦੇ ਵਿਰੁੱਧ ਵਿਰੋਧ ਪ੍ਰਗਟ ਕਰਨ ਲਈ ਏਕਤਾ ਦਾ ਪ੍ਰਦਰਸ਼ਨ ਕੀਤਾ ਗਿਆ।ਇੱਕ ਪਾਸੇ ਟਰੇਡ ਯੂਨੀਅਨਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਜਾਣਬੁੱਝ ਕੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਕੰਨ ਬੰਦ ਰੱਖਣ ਵਾਲੀ ਅਤੇ ਦੂਜੇ ਪਾਸੇ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਵਾਲੀ ਕੇਂਦਰ ਸਰਕਾਰ ਵਿਰੁੱਧ ਇੱਕ ਮੱਤ ਹੋ ਕੇ ਆਵਾਜ਼ ਉਠਾਈ ਗਈ ।
ਸੰਮੇਲਨ ਨੂੰ ਸੰਬੋਧਨ ਕਰਨ ਵਾਲੇ ਸਾਰੇ ਆਗੂਆਂ ਨੇ ਐਲਾਨਨਾਮੇ ਦਾ ਸਮਰਥਨ ਕੀਤਾ, ਜਿਨ੍ਹਾਂ ਵਿੱਚ ਇੰਟਕ ਤੋਂ ਅਸ਼ੋਕ ਸਿੰਘ, ਏਟਕ ਤੋਂ ਅਮਰਜੀਤ ਕੌਰ, ਐੱਚ ਐੱਮ ਐੱਸ ਤੋਂ ਹਰਭਜਨ ਸਿੰਘ, ਸੀਟੂ ਤੋਂ ਤਪਨ ਸੇਨ, ਏ ਆਈ ਯੂ ਟੀ ਯੂ ਸੀ ਤੋਂ ਹਰੀਸ਼ ਤਿਆਗੀ, ਟੀ ਯੂ ਸੀ ਸੀ ਤੋਂ ਕੇ ਇੰਦੂ ਪ੍ਰਕਾਸ਼ ਮੈਨਨ, ਸੇਵਾ ਤੋਂ ਲਤਾ ਬੇਨ, ਏ ਆਈ ਸੀ ਸੀ ਟੀ ਯੂ ਤੋਂ ਰਾਜੀਵ ਡਿਮਰੀ, ਐੱਲ ਪੀ ਐੱਫ ਤੋਂ ਜਵਾਹਰ ਪ੍ਰਸਾਦ ਅਤੇ ਯੂ ਟੀ ਯੂ ਸੀ ਤੋਂ ਅਸ਼ੋਕ ਘੋਸ਼ ਸ਼ਾਮਲ ਸਨ। ‘ਬਸ ਬਹੁਤ ਹੋ ਗਿਆ’ ਦੀ ਇੱਕਜੁੱਟ ਅਤੇ ਦਿ੍ਰੜ੍ਹ ਆਵਾਜ਼ ਵੱਲੋਂ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੂੰ ਨਕਾਰਦੇ ਹੋਏ, ਕਨਵੈਨਸ਼ਨ ਨੇ 20 ਮਈ ਨੂੰ ਇੱਕ ਦਿਨ ਦੀ ਰਾਸ਼ਟਰੀ ਆਮ ਹੜਤਾਲ ਦਾ ਸੱਦਾ ਦਿੱਤਾ। ਸੰਮੇਲਨ ਨੇ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੰਗੀਆਂ-ਚਿਟੀਆਂ ਨੀਤੀਆਂ, ਜਿਹਨਾਂ ਸਦਕਾ ਸਰਕਾਰ ਪੱਖੀ ਪੂੰਜੀਪਤੀਆਂ ਦੀ ਅਜਾਰੇਦਾਰੀ ਸਥਾਪਤ ਕੀਤੀ ਜਾ ਰਹੀ ਹੈ ਅਤੇ ਜੋ ਮਿਹਨਤਕਸ਼ ਲੋਕਾਂ ਅਤੇ ਦੇਸ਼ ਦੀ ਸਮੁੱਚੀ ਆਰਥਿਕ ਭਲਾਈ ਲਈ ਨੁਕਸਾਨਦੇਹ ਹਨ, ’ਤੇ ਤਿੱਖਾ ਹਮਲਾ ਕੀਤਾ। ਇੱਕ ਸਪੱਸ਼ਟ ਸੁਰ ਅਤੇ ਅਡੋਲ ਵਿਸ਼ਵਾਸ ਨਾਲ ਸੰਮੇਲਨ ਨੇ ਇੱਕ ਦਿ੍ਰੜ੍ਹ ਸੰਦੇਸ਼ ਭੇਜਿਆ ਕਿ ਕੇਂਦਰ ਸਰਕਾਰ ਮਿਹਨਤਕਸ਼ ਜਨਤਾ ਦੀ ਆਵਾਜ਼ ਨੂੰ ਲਗਾਤਾਰ ਅੱਖੋਂ-ਪਰੋਖੇ ਨਹੀਂ ਕਰ ਸਕਦੀ। ਸੰਮੇਲਨ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਅਸਲ ਦੌਲਤ ਬਣਾਉਣ ਵਾਲੇ ਭਾਰਤ ਦੇ ਮਿਹਨਤਕਸ਼ ਲੋਕ ਆਪਣੀ ਮਿਹਨਤ ਨਾਲ ਪੈਦਾ ਕੀਤੀ ਦੌਲਤ ਸਰਕਾਰੀ ਪੂੰਜੀਪਤੀਆਂ ਨੂੰ ਲੁੱਟਣ ਦੀ ਇਜਾਜ਼ਤ ਨਹੀਂ ਦੇਣਗੇ. ਇਸ ਸੰਮੇਲਨ ਨੇ ਟਰੇਡ ਯੂਨੀਅਨਾਂ ਨੂੰ ਇੱਕ ਭਰੋਸੇਯੋਗ ਸੰਯੁਕਤ ਸ਼ਕਤੀ ਵਜੋਂ ਪ੍ਰਦਰਸ਼ਤ ਕੀਤਾ। ਮਿਹਨਤਕਸ਼ ਲੋਕ ਇਸ ਸਰਕਾਰ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਗੇ। 20 ਮਈ ਭਵਿੱਖ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਦੇ ਦੇਸ਼-ਵਿਆਪੀ ਫੈਸਲਾਕੁੰਨ ਸੰਘਰਸ਼ਾਂ ਦੀ ਲੜੀ ਵੱਲ ਇੱਕ ਸ਼ੁਰੂਆਤ ਹੋਵੇਗੀ। ਸੰਮੇਲਨ ਸ਼ੋਸ਼ਣ, ਵਧਦੀ ਆਮਦਨ, ਅਸਮਾਨਤਾ, ਸੰਵਿਧਾਨਕ ਅਧਿਕਾਰਾਂ ਤੋਂ ਇਨਕਾਰ ਅਤੇ ਭਾਰਤ ਦੇ ਲੋਕਾਂ ਨਾਲ ਹੋ ਰਹੇ ਸਮੁੱਚੇ ਅਨਿਆਂ ਦਾ ਵਿਰੋਧ ਕਰਨ ਲਈ ਇੱਕ ਜੋਸ਼ ਭਰਪੂਰ ਊਰਜਾ ਨਾਲ ਸਮਾਪਤ ਹੋਇਆ। ਕਨਵੈਨਸ਼ਨ ਨੇ ਸਰਬਸੰਮਤੀ ਨਾਲ ਇੱਕ ਐਲਾਨਨਾਮਾ ਅਪਣਾਇਆ, ਜੋ ਕਿ ਐੱਨ ਡੀ ਏ ਸਰਕਾਰ ਨੂੰ ਮਿਹਨਤਕਸ਼ ਲੋਕਾਂ ’ਤੇ ਦੁੱਖਾਂ ਦਾ ਪਹਾੜ ਡੇਗਣ, ਕਾਰਪੋਰੇਟ ਪੱਖੀ ਅਤੇ ਮਜ਼ਦੂਰ ਵਿਰੋਧੀ ਨੀਤੀਆਂ ਲਈ ਦੋਸ਼ੀ ਠਹਿਰਾਉਦਾ ਹੈ, ਜਿਸ ਦੇ ਨਤੀਜੇ ਵਜੋਂ ਬੇਰੁਜ਼ਗਾਰੀ, ਗਰੀਬੀ ਅਤੇ ਅਸਮਾਨਤਾ ਦਾ ਇੱਕ ਤਕੜਾ ਤੂਫਾਨ ਆਇਆ ਹੈ। ਮਜ਼ਦੂਰਾਂ ਦੇ ਰਾਸ਼ਟਰੀ ਸੰਮੇਲਨ ਦਾ ਐਲਾਨ ਕਿਰਤ ਕੋਡਾਂ ਨੂੰ ਖਤਮ ਕਰਨ ਦੀ ਆਪਣੀ ਅਟੱਲ ਮੰਗ ਨੂੰ ਦੁਹਰਾਉਣ ਤੋਂ ਇਲਾਵਾ ਇਸ ਦੇ 17 ਨੁਕਾਤੀ ਮੰਗਾਂ ਦੀ ਪੁਸ਼ਟੀ ਕਰਦਾ ਹੈ ਅਤੇ ਨਵ-ਉਦਾਰਵਾਦ ਪੱਖੀ ਵਿਨਾਸ਼ਕਾਰੀ ਨੀਤੀਆਂ ਦਾ ਬਦਲ ਵੀ ਪੇਸ਼ ਕਰਦਾ ਹੈ।ਇਸ ਸੰਮੇਲਨ ਨੇ ਇੱਕ ਬੁਲੰਦ ਆਵਾਜ਼ ਵਿਚ ਏਕਤਾ ਦਾ ਸੁਨੇਹਾ ਦਿੱਤਾ, ਜੋ ਕਿ ਐੱਨ ਡੀ ਏ ਸਰਕਾਰ ਦੇ ਮਜ਼ਦੂਰਾਂ ਨੂੰ ਧਰਮ, ਖੇਤਰ, ਜਾਤ, ਸੱਭਿਆਚਾਰ, ਭਾਸ਼ਾ ਆਦਿ ਦੇ ਆਧਾਰ ’ਤੇ ਵੰਡਣ ਦੇ ਸਾਰੇ ਘਿਣਾਉਣੇ ਯਤਨਾਂ ਨੂੰ ਨਾਕਾਮ ਕਰ ਦੇਵੇਗਾ। ਸੰਘਰਸ਼ ਦੀਆਂ ਲਕੀਰਾਂ ਖਿੱਚੀਆਂ ਜਾ ਰਹੀਆਂ ਹਨ, ਵਿਰੋਧ ਪ੍ਰਦਰਸ਼ਨਾਂ ਦਾ ਬਿਗਲ ਵੱਜ ਗਿਆ ਹੈ ਅਤੇ ਭਾਰਤ ਦੇ ਮਿਹਨਤਕਸ਼ ਲੋਕਾਂ ਦੀ ਯਲਗਾਰ 20 ਮਈ ਨੂੰ ਪੂਰੇ ਰੋਹ ਵਿੱਚ ਪ੍ਰਦਰਸ਼ਤ ਹੋਵੇਗੀ। ਇੰਟਕ ਤੋਂ ਓ ਅੱੈਸ ਤੋਮਰ ਅਤੇ ਏਟਕ ਤੋਂ ਮੋਹਨ ਸ਼ਰਮਾ ਦੇ ਨਾਲ ਇਸ ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਐੱਚ ਐੱਮ ਐੱਸ ਤੋਂ ਜੇ ਆਰ ਭੌਸਲੇ, ਸੀ ਟੀ ਯੂ ਤੋਂ ਹੇਮ ਲਤਾ, ਏ ਆਈ ਯੂ ਟੀ ਯੂ ਸੀ ਤੋਂ ਵਿਜੇ ਪਾਲ ਸਿੰਘ, ਟੀ ਯੂ ਸੀ ਸੀ ਤੋਂ ਜੀ. ਸ਼ਿਵ ਸ਼ੰਕਰ, ਸੇਵਾ ਤੋਂ ਆਰ ਕੇ. ਮੌਰਿਆ, ਏ ਆਈ ਸੀ ਸੀ ਟੀ ਯੂ ਤੋਂ ਸੰਤੋਸ਼ ਰਾਏ, ਐੱਲ ਪੀ ਐੱਫ ਤੋਂ ਆਰ ਕੇ ਮੌਰਿਆ ਅਤੇ ਯੂ ਟੀ ਯੂੂ ਸੀ ਤੋਂ ਸ਼ਤਰੂਜੀਤ ਸਿੰਘ ਸ਼ਾਮਲ ਸਨ।