ਨਵੀਂ ਦਿੱਲੀ : ਸੁਪਰੀਮ ਕੋਰਟ 2023 ਦੇ ਇੱਕ ਕਾਨੂੰਨ ਤਹਿਤ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ 16 ਅਪਰੈਲ ਨੂੰ ਸੁਣਵਾਈ ਕਰੇਗੀ। ਐੱਨ ਜੀ ਓ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਮਰਜ਼ ਵੱਲੋਂ ਪੇਸ਼ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕੋਰਟ ਨੂੰ ਦੱਸਿਆ ਕਿ ਇਹ ਮਾਮਲਾ ਸੁਣਵਾਈ ਲਈ 38ਵੇਂ ਨੰਬਰ ’ਤੇ ਸੂਚੀਬੱਧ ਹੈ ਤੇ ਅੱਜ (ਬੁੱਧਵਾਰ) ਇਸ ’ਤੇ ਸੁਣਵਾਈ ਸੰਭਵ ਨਹੀਂ ਜਾਪਦੀ। ਇਸ ਮਗਰੋਂ ਜਸਟਿਸ ਸੂਰੀਆ ਕਾਂਤ ਤੇ ਜਸਟਿਸ ਐੱਨ ਕੋਟਿਸ਼ਵਰ ਸਿੰਘ ਦੀ ਬੈਂਚ ਨੇ ਅਗਲੀ ਸੁਣਵਾਈ ਦੀ ਤਰੀਕ 16 ਅਪਰੈਲ ਨਿਰਧਾਰਤ ਕਰ ਦਿੱਤੀ। ਭੂਸ਼ਣ ਨੇ ਫੌਰੀ ਸੁਣਵਾਈ ਦੀ ਮੰਗ ਕਰਦਿਆਂ ਦਲੀਲ ਦਿੱਤੀ ਸੀ ਕਿ ਇਹ ਜਮਹੂਰੀਅਤ ਦੀਆਂ ਜੜ੍ਹਾਂ ਨਾਲ ਜੁੜਿਆ ਮਸਲਾ ਹੈ ਤੇ ਸੰਵਿਧਾਨਕ ਬੈਂਚ ਵੱਲੋਂ 2023 ਵਿੱਚ ਸੁਣਾਏ ਫੈਸਲੇ ਅਧੀਨ ਆਉਂਦਾ ਹੈ। ਜਸਟਿਸ ਕਾਂਤ ਨੇ ਕਿਹਾ ਕਿ ਕੋਰਟ ਇਨ੍ਹਾਂ ਸਾਰੀਆਂ ਦਲੀਲਾਂ ਨੂੰ ਸਮਝਦੀ ਹੈ, ਪਰ ਰੋਜ਼ਾਨਾ ਕਈ ਅਹਿਮ ਮੁੱਦੇ ਸੁਣਵਾਈ ਲਈ ਸੂਚੀਬੱਧ ਹੋ ਰਹੇ ਹਨ। ਬੈਂਚ ਨੇ ਕਿਹਾਅਸੀਂ 16 ਅਪਰੈਲ ਦੀ ਤਰੀਕ ਨਿਰਧਾਰਤ ਕਰਦੇ ਹਾਂ, ਤਾਂ ਕਿ ਇਸ ਮਸਲੇ ਉੱਤੇ ਅੰਤਮ ਸੁਣਵਾਈ ਹੋ ਸਕੇ।




