ਇੱਕ ਪਾਸਾ ਖੁੱਲ੍ਹ ਗਿਆ

0
11

ਪਟਿਆਲਾ : ਸ਼ੰਭੂ ਬਾਰਡਰ ਉਤੇ ਅੰਦੋਲਨਕਾਰੀ ਕਿਸਾਨਾਂ ਵੱਲੋਂ ਬਣਾਏ ਗਏ ਆਰਜ਼ੀ ਘਰਾਂ/ ਰੈਣ-ਬਸੇਰਿਆਂ ਨੂੰ ਤਹਿਸ-ਨਹਿਸ ਕਰਨ ਤੋਂ ਬਾਅਦ ਵੀਰਵਾਰ ਕਰੀਬ 13 ਮਹੀਨਿਆਂ ਬਾਅਦ ਸ਼ੰਭੂ ਬਾਰਡਰ ਤੋਂ ਆਵਾਜਾਈ ਬਹਾਲ ਕਰ ਦਿੱਤੀ ਗਈ। ਪੰਜਾਬ ਅਤੇ ਹਰਿਆਣਾ ਵੱਲੋਂ ਸਵੇਰ ਤੋਂ ਹੀ ਆਪੋ-ਆਪਣੇ ਇਲਾਕੇ ਵਿੱਚੋਂ ਸੜਕ ਤੋਂ ਰੋਕਾਂ ਹਟਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਜਾਰੀ ਸੀ। ਪੁਲਸ ਨੇ ਪੰਜਾਬ ਵਾਲੇ ਪਾਸਿਓਂ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਲਾਂਭੇ ਕਰ ਦਿੱਤੇ ਅਤੇ ਹਰਿਆਣਾ ਪੁਲਸ ਨੇ ਵੀ ਲਾਈਆਂ ਗਈਆਂ ਜ਼ਬਰਦਸਤ ਰੋਕਾਂ ਪਾਸੇ ਤੋਂ ਹਟਾ ਦਿੱਤੀਆਂ ਅਤੇ ਸੜਕ ਦਾ ਇੱਕ ਪਾਸਾ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ। ਸ਼ਾਮੀ ਚਾਰ ਵਜੇ ਤੋਂ ਬਾਅਦ ਪਹਿਲਾਂ ਦੋਪਹੀਆ ਵਾਹਨਾਂ ਦੀ ਆਵਾਜਾਈ ਚਾਲੂ ਕਰ ਦਿੱਤੀ ਗਈ ਅਤੇ ਬਾਅਦ ਵਿੱਚ ਚਾਰ ਪਹੀਆ ਵਾਹਨਾਂ ਦੀ ਆਮਦੋ-ਰਫ਼ਤ ਵੀ ਸ਼ੁਰੂ ਹੋ ਗਈ। ਨਾ ਸਿਰਫ ਕਾਰਾਂ, ਬਲਕਿ ਟਰੱਕ ਵੀ ਲੰਘਣ ਲੱਗ ਗਏ ਹਨ। ਇਸ ਕਾਰਵਾਈ ’ਤੇ ਖਾਸਕਰ ਇਲਾਕੇ ਦੇ ਲੋਕਾਂ ਨੇ ਬੇਹੱਦ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਵੀ ਕਿਸਾਨਾਂ ਦੇ ਹਮਦਰਦ ਹਨ, ਪਰ ਉਨ੍ਹਾਂ ਦਾ ਅੰਬਾਲਾ ਵਿਖੇ ਨਿੱਤ ਦਾ ਆਉਣਾ-ਜਾਣਾ ਹੈ। ਕਿਸਾਨ ਅੰਦੋਲਨ ਕਾਰਨ ਬਾਰਡਰ ਬੰਦ ਹੋਣ ਦੇ ਸਿੱਟੇ ਵਜੋਂ ਉਨ੍ਹਾਂ ਨੂੰ ਕਾਫੀ ਲੰਮਾ ਵਲ਼ ਪਾ ਕੇ ਆਉਣਾ-ਜਾਣਾ ਪੈਂਦਾ ਸੀ। ਇਸ ਨਾਲ ਟਾਈਮ ਵੀ ਵੱਧ ਜ਼ਾਇਆ ਹੁੰਦਾ ਸੀ ਤੇ ਤੇਲ ਵੀ ਵੱਧ ਲੱਗਦਾ ਸੀ। ਸ਼ੰਭੂ ਵਿੱਚ ਹਾਈਵੇ ਦਾ ਉਹ ਅਹਿਮ ਹਿੱਸਾ ਵੀਰਵਾਰ ਸੁੰਨਸਾਨ ਦਿਖਾਈ ਦਿੱਤਾ, ਜਿੱਥੇ ਪਿਛਲੇ ਇਕ ਸਾਲ ਤੋਂ ਅੰਦੋਲਨ ਦੀਆਂ ਲਹਿਰਾਂ-ਬਹਿਰਾਂ ਲੱਗੀਆਂ ਹੋਈਆਂ ਸਨ। ਉਥੇ ਭਾਂਡੇ, ਐੱਲ ਪੀ ਜੀ ਸਿਲੰਡਰ, ਚਾਹ ਦੀਆਂ ਕੇਤਲੀਆਂ, ਫਰੀਜ਼ਰ, ਵਾਸ਼ਿੰਗ ਮਸ਼ੀਨਾਂ, ਕੁਰਸੀਆਂ, ਮੇਜ਼, ਬਿਸਤਰੇ ਅਤੇ ਕੱਪੜੇ ਸੜਕ ’ਤੇ ਖਿਲਰੇ ਹੋਏ ਦਿਖਾਈ ਦਿੱਤੇ। ਰਸੋਈ ਵਜੋਂ ਵਰਤੇ ਗਏ ਢਾਂਚਿਆਂ ਵਿੱਚੋਂ ਇੱਕ ’ਚ ਸਬਜ਼ੀਆਂ, ਦਾਲ, ਦੁੱਧ ਅਤੇ ਹੋਰ ਜ਼ਰੂਰੀ ਚੀਜ਼ਾਂ ਪਈਆਂ ਦਿਖਾਈ ਦਿੱਤੀਆਂ।
ਟਰਾਲੀਆਂ, ਜਿਨ੍ਹਾਂ ਨੂੰ ਆਰਜ਼ੀ ਆਸਰਾ ਟਿਕਾਣਿਆਂ ਵਿੱਚ ਬਦਲ ਦਿੱਤਾ ਗਿਆ ਸੀ, ਸੜਕ ’ਤੇ ਪਈਆਂ ਦਿਖਾਈ ਦਿੱਤੀਆਂ। ਇੱਕ ਪੁਲਸ ਅਧਿਕਾਰੀ ਨੇ ਕਿਹਾ ਕਿ ਕਿਸਾਨ ਆਪਣਾ ਸਾਮਾਨ ਵਾਪਸ ਲੈ ਸਕਦੇ ਹਨ।