ਰੇੜਕਾ ਨਿੱਬੜਿਆ

0
10

ਮੁੰਬਈ : ਇੱਥੋਂ ਦੀ ਫੈਮਿਲੀ ਕੋਰਟ ਨੇ ਵੀਰਵਾਰ ਕਿ੍ਰਕਟਰ ਯੁਜਵੇਂਦਰ ਚਹਿਲ ਅਤੇ ਉਸ ਦੀ ਵੱਖ ਰਹਿ ਰਹੀ ਪਤਨੀ ਧਨਸ੍ਰੀ ਵਰਮਾ ਵੱਲੋਂ ਆਪਸੀ ਸਹਿਮਤੀ ਨਾਲ ਤਲਾਕ ਦੀ ਮੰਗ ਕਰਦੀ ਸਾਂਝੀ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ। ਜੋੜਾ ਬਾਂਦਰਾ ਵਿੱਚ ਕੋਰਟ ਵਿੱਚ ਪੇਸ਼ ਹੋਇਆ। ਕੋਰਟ ਨੇ ਨੋਟ ਕੀਤਾ ਕਿ ਦੋਵਾਂ ਧਿਰਾਂ ਨੇ ਸਹਿਮਤੀ ਦੀਆਂ ਸ਼ਰਤਾਂ ਦੀ ਪਾਲਣਾ ਕੀਤੀ ਹੈ। ਦੋਹਾਂ ਦਾ ਵਿਆਹ ਦਸੰਬਰ 2020 ਵਿੱਚ ਹੋਇਆ ਸੀ। ਉਹ ਜੂਨ 2022 ਵਿੱਚ ਵੱਖ ਹੋ ਗਏ ਸਨ। ਉਨ੍ਹਾਂ 5 ਫਰਵਰੀ ਨੂੰ ਆਪਸੀ ਸਹਿਮਤੀ ਨਾਲ ਤਲਾਕ ਦੀ ਮੰਗ ਕਰਦਿਆਂ ਸਾਂਝੀ ਪਟੀਸ਼ਨ ਦਾਇਰ ਕੀਤੀ।
ਖੁਸ਼ਦਿਲ ਦੇਸ਼ਾਂ ’ਚ ਭਾਰਤ ਅਜੇ ਵੀ ਪਾਕਿਸਤਾਨ ਤੋਂ ਪਿੱਛੇ
ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਵੱਲੋਂ ਖੁਸ਼ਦਿਲ ਮੁਲਕਾਂ ਦੀ ਜਾਰੀ ਰਿਪੋਰਟ-2025 ਮੁਤਾਬਕ 147 ਦੇਸ਼ਾਂ ਵਿੱਚੋਂ ਭਾਰਤ 118ਵੇਂ ਰੈਂਕ ’ਤੇ ਹੈ। ਹਾਲਾਂਕਿ ਭਾਰਤ ਨੇ ਪਿਛਲੇ ਸਾਲ ਦੇ 126ਵੇਂ ਰੈਂਕ ਨਾਲੋਂ ਕੁਝ ਸੁਧਾਰ ਕੀਤਾ ਹੈ, ਪਰ ਇਹ ਟਕਰਾਅ ਮਾਰੇ ਯੂਕਰੇਨ, ਈਰਾਨ, ਇਰਾਕ, ਪਾਕਿਸਤਾਨ ਤੇ ਵੈਨਜ਼ੁਏਲਾ ਨਾਲੋਂ ਅਜੇ ਵੀ ਪਿੱਛੇ ਹੈ। ਭਾਰਤ ਦੇ ਗੁਆਂਢੀਆਂ ਵਿੱਚ ਸ੍ਰੀਲੰਕਾ ਦਾ ਰੈਂਕ 133, ਬੰਗਲਾਦੇਸ਼ ਦਾ 134, ਪਾਕਿਸਤਾਨ ਦਾ 109, ਨੇਪਾਲ ਦਾ 92 ਤੇ ਚੀਨ ਦਾ 68 ਹੈ। ਫਿਨਲੈਂਡ ਲਗਾਤਾਰ ਅੱਠਵੇਂ ਸਾਲ ਦੁਨੀਆ ਦਾ ਸਭ ਤੋਂ ਖੁਸ਼ ਰਹਿਣ ਵਾਲਾ ਦੇਸ਼ ਐਲਾਨਿਆ ਗਿਆ ਹੈ। ਕਿਸੇ ਦੇਸ਼ ਦੇ ਖੁਸ਼ ਰਹਿਣ ਦੇ ਰਾਜ਼ ਦਾ ਫੈਸਲਾ ਸਮਾਜੀ ਹਾਲਤਾਂ, ਪ੍ਰਤੀ ਜੀਅ ਜੀ ਡੀ ਪੀ, ਲੰਮੀ ਸਿਹਤਮੰਦ ਉਮਰ, ਆਜ਼ਾਦੀ ਤੇ ਦਰਿਆਦਿਲੀ ਤੋਂ ਲਾਇਆ ਜਾਂਦਾ ਹੈ। ਕੁਰੱਪਸ਼ਨ ਬਾਰੇ ਧਾਰਨਾ ਵੀ ਇਸ ਵਿੱਚ ਸ਼ਾਮਲ ਹੁੰਦੀ ਹੈ।
ਨੋਟਾਂ ਦੀ ਵਰਖਾ
ਮੁੰਬਈ : ਭਾਰਤੀ ਕਿ੍ਰਕਟ ਕੰਟਰੋਲ ਬੋਰਡ ਨੇ ਆਈ ਸੀ ਸੀ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਭਾਰਤੀ ਟੀਮ ਨੂੰ 58 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਛੇ ਮਹੀਨਿਆਂ ਤੱਕ ਇਲੈਕਟਿ੍ਰਕ ਤੇ ਪੈਟਰੋਲ ਵਾਹਨ ਇੱਕੋ ਰੇਟ ’ਤੇ : ਗਡਕਰੀ
ਨਵੀਂ ਦਿੱਲੀ : ਕੇਂਦਰੀ ਸੜਕੀ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਦੇਸ਼ ਵਿੱਚ ਛੇ ਮਹੀਨਿਆਂ ਦੇ ਅੰਦਰ ਇਲੈਕਟਿ੍ਰਕ ਵਾਹਨਾਂ ਦੀਆਂ ਕੀਮਤਾਂ ਪੈਟਰੋਲ ਵਾਹਨਾਂ ਦੇ ਬਰਾਬਰ ਹੋ ਜਾਣਗੀਆਂ। ਕੇਂਦਰੀ ਮੰਤਰੀ ਨੇ 32ਵੇਂ ਕਨਵਰਜੈਂਸ ਇੰਡੀਆ ਅਤੇ 10ਵੇਂ ਸਮਾਰਟ ਸਿਟੀਜ਼ ਇੰਡੀਆ ਐਕਸਪੋ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਨੀਤੀ ਦਰਾਮਦ ਬਦਲ, ਲਾਗਤ-ਪ੍ਰਭਾਵਸ਼ਾਲੀ, ਪ੍ਰਦੂਸ਼ਣ-ਮੁਕਤ ਅਤੇ ਸਵਦੇਸ਼ੀ ਉਤਪਾਦਨ ਨੂੰ ਹੁਲਾਰਾ ਦੇਣਾ ਹੈ। ਭਾਰਤ ਨੂੰ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣਾਉਣ ਲਈ ਦੇਸ਼ ਨੂੰ ਆਪਣੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਸੁਧਾਰ ਕਰਨ ਦੀ ਲੋੜ ਹੈ।