ਤਰਨ ਤਾਰਨ : ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੀ 31ਵੀਂ ਸੂਬਾਈ ਕਾਨਫਰੰਸ ‘ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਨਗਰ’ ਤਰਨ ਤਾਰਨ ਵਿਖੇ ਜੋਸ਼ੋ-ਖਰੋਸ਼ ਅਤੇ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਸ਼ੁਰੂ ਹੋਈ। ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਕਿਸਾਨ ਨੇਤਾ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਭੁਪਿੰਦਰ ਸਾਂਬਰ ਨੇ ਕੀਤੀ। ਇਸ ਸਮੇਂ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਸੈਂਕੜੇ ਕਿਸਾਨਾਂ, ਮਜ਼ਦੂਰਾਂ ਦੀ ਯਾਦ ਵਿੱਚ ਬਣਾਈ ਗਈ ਸ਼ਹੀਦੀ ਲਾਟ ’ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ‘ਦੇਸ਼ ਭਗਤ ਬਾਬਾ ਅਰਜਨ ਸਿੰਘ ਗੜਗੱਜ ਹਾਲ’ ਵਿੱਚ ਕਾਨਫਰੰਸ ਦਾ ਉਦਘਾਟਨ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਰਾਜਨ ਕਸੀਰ ਸਾਗਰ ਨੇ ਦੇਸ਼ ਦੀ ਕਿਸਾਨ ਲਹਿਰ ਵਿੱਚ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਨਿਭਾਏ ਗਏ ਸ਼ਾਨਦਾਰ ਇਤਿਹਾਸਕ ਰੋਲ ਦਾ ਵਰਣਨ ਕੀਤਾ। ਅੱਜ ਦੀਆਂ ਹਾਲਤਾਂ ’ਤੇ ਚਰਚਾ ਕਰਦਿਆਂ ਸਾਥੀ ਰਾਜਨ ਨੇ ਕਿਹਾ ਕਿ ਪੂਰੀ ਦੁਨੀਆ ਦੇ ਅੰਦਰ ਕਾਰਪੋਰੇਟ ਘਰਾਣੇ ਆਪਣੀਆਂ ਪਿੱਠੂ ਸਰਕਾਰਾਂ ਰਾਹੀਂ ਕਿਸਾਨਾਂ ਤੋਂ ਖੇਤੀ ਅਤੇ ਸਹਾਇਕ ਧੰਦੇ ਖੋਹਣ ਲਈ ਧੜਾਧੜ ਅਜਿਹੀਆਂ ਨੀਤੀਆਂ ਲਾਗੂ ਕਰਵਾ ਰਹੇ ਹਨ, ਜਿਸ ਨਾਲ ਕਿਸਾਨਾਂ ਹੱਥੋਂ ਜ਼ਮੀਨਾਂ ਖੁੱਸਦੀਆਂ ਜਾ ਰਹੀਆਂ ਹਨ। ਜਿਥੇ ਕੇਂਦਰ ਦੀ ਮੋਦੀ ਸਰਕਾਰ ਵੱਖ-ਵੱਖ ਪ੍ਰੋਜੈਕਟ ਲਾਉਣ ਦੇ ਨਾਂਅ ’ਤੇ ਲੱਖਾਂ ਏਕੜ ਜ਼ਮੀਨ ਕਾਰਪੋਰੇਟ ਘਰਾਣਿਆਂ ਨੂੰ ਮੁਫਤ ਦੇ ਰਹੀ ਹੈ, ਉਥੇ ਦੇਸ਼ ਵਿੱਚ ਕਿਸਾਨਾਂ ਵੱਲੋਂ ਆਪਣੀ ਜ਼ਮੀਨ ਅਤੇ ਖੇਤੀ ਬਚਾਉਣ ਲਈ ਆਪਣੀਆਂ ਮੰਗਾਂ ਨੂੰ ਲੈ ਕੇ ਲੜੇ ਜਾ ਰਹੇ ਅੰਦੋਲਨਾਂ ’ਤੇ ਗੈਰ-ਕਾਨੂੰਨੀ ਤੇ ਗੈਰ-ਮਨੁੱਖੀ ਤਰੀਕੇ ਨਾਲ ਅੱਤਿਆਚਾਰ ਕਰਕੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਦੇ ਕਦਮਾਂ ’ਤੇ ਚਲਦਿਆਂ ਰਾਜਾਂ ਦੀਆਂ ਸਰਕਾਰਾਂ ਵੀ ਇਹਨਾਂ ਨੀਤੀਆਂ ਨੂੰ ਧੜਾਧੜ ਅੱਗੇ ਵਧਾ ਰਹੀਆਂ ਹਨ। ਪੰਜਾਬ ਦੀ ਮਾਨ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਅਤੇ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਚੰਡੀਗੜ੍ਹ ਧਰਨਾ ਲਾਉਣ ਜਾ ਰਹੇ ਕਿਸਾਨਾਂ ਉਪਰ ਕੀਤੇ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਤਾੜਨਾ ਕੀਤੀ ਕਿ ਪੰਜਾਬ ਸਰਕਾਰ ਨੂੰ ਪੁਰਅਮਨ ਚੱਲ ਰਹੇ ਕਿਸਾਨ ਅੰਦੋਲਨ ਉਪਰ ਜ਼ੁਲਮ ਕਰਨਾ ਬਹੁਤ ਮਹਿੰਗਾ ਪਵੇਗਾ ਅਤੇ ਪੰਜਾਬ ਦੇ ਬਹਾਦਰ ਲੋਕ ਇਸ ਦਾ ਮੂੰਹ-ਤੋੜ ਜਵਾਬ ਦੇਣਗੇ ।ਉਹਨਾ ਮੰਗ ਕੀਤੀ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਵਾਂ ਖੇਤੀ ਮੰਡੀਕਰਨ ਖਰੜਾ ਰੱਦ ਕਰ ਕਿਸਾਨਾਂ, ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨਾ, ਸਰਕਾਰੀ ਖੇਤਰ ਵਿੱਚ ਫਸਲੀ ਬੀਮਾ ਸਕੀਮ ਲਾਗੂ ਕਰਨਾ, ਫਸਲਾਂ ਦੀ ਖਰੀਦ ਲਈ ਕਾਨੂੰਨੀ ਗਰੰਟੀ ਕਰਨਾ, ਕਿਸਾਨਾਂ, ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਲਈ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣਾ, ਨਰੇਗਾ ਸਕੀਮ ਨੂੰ ਖੇਤੀ ਵਿੱਚ ਲਾਗੂ ਕਰਨਾ ਆਦਿ ਜਲਦੀ ਪੂਰੀਆਂ ਕੀਤੀਆਂ ਜਾਣ। ਉਨ੍ਹਾ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਦਿੱਲੀ ਅੰਦੋਲਨ ਦੌਰਾਨ ਨਿਭਾਏ ਸ਼ਾਨਦਾਰ ਰੋਲ ਦੀ ਸ਼ਲਾਘਾ ਵੀ ਕੀਤੀ। ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਨੇ ਕਿਸਾਨ ਡੈਲੀਗੇਟਾਂ ਨੂੰ ਵਧਾਈ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੀਆਂ ਲੋਕ-ਵਿਰੋਧੀ ਤੇ ਸਰਮਾਏਦਾਰ ਪੱਖੀ ਨੀਤੀਆਂ ਦਾ ਮੁਕਾਬਲਾ ਕਰਨ ਲਈ ਸਮੁੱਚੇ ਸਮਾਜ ਦੇ ਸਾਰੇ ਵਰਗਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ ਨੂੰ ਇਕੱਠੇ ਕਰਕੇ ਹੀ ਮੁਕਾਬਲਾ ਕੀਤਾ ਜਾ ਸਕਦਾ ਹੈ। ਲੋਕਾਂ ਦੇ ਮਸਲੇ ਹੱਲ ਕਰਾਉਣ ਲਈ ਅੱਜ ਇੱਕ ਸਾਂਝੇ ਤੇ ਵੱਡੇ ਜਨਤਕ ਅੰਦੋਲਨ ਦੀ ਲੋੜ ਹੈ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਬਲਕਰਨ ਸਿੰਘ ਬਰਾੜ, ਬਲਦੇਵ ਸਿੰਘ ਨਿਹਾਲਗੜ੍ਹ, ਰਾਜਿੰਦਰਪਾਲ ਕੌਰ, ਹਰਦੇਵ ਸਿੰਘ ਬਖਸ਼ੀਵਾਲਾ, ਹਰਚੰਦ ਸਿੰਘ ਬਾਠ ਮੌਜੂਦ ਸਨ। ਇਸ ਸਮੇਂ ਕਿਸਾਨ ਸਭਾ ਦੇ ਆਗੂ ਸੂਰਤ ਸਿੰਘ ਧਰਮਕੋਟ, ਲਖਬੀਰ ਸਿੰਘ ਨਿਜ਼ਾਮਪੁਰ, ਕੁਲਦੀਪ ਸਿੰਘ ਭੋਲਾ, ਸੁਰਿੰਦਰ ਸਿੰਘ ਢੰਡੀਆਂ, ਰਾਣਾ ਰਾਜਿੰਦਰ ਸਿੰਘ, ਪੂਰਨ ਸਿੰਘ ਮਾੜੀਮੇਘਾ, ਕੁਲਵੰਤ ਸਿੰਘ ਮੌਲਵੀਵਾਲਾ, ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ ਗੰਡੀਵਿੰਡ, ਮਹਾਂਬੀਰ ਸਿੰਘ ਗਿੱਲ, ਹਰਪਾਲ ਸਿੰਘ ਸੰਧਾਂਵਾਲੀਆ, ਚਮਕੌਰ ਸਿੰਘ, ਬਲਕਾਰ ਸਿੰਘ ਵਲਟੋਹਾ ਤੇ ਦਵਿੰਦਰ ਸੋਹਲ ਆਦਿ ਨੇ ਵੀ ਵਿਚਾਰ ਰੱਖੇ।