ਬੰਬਾਰਾਂ ਦੇ ਰੂਸੀ ਅੱਡੇ ’ਤੇ ਹਮਲਾ

0
6

ਕੀਵ : ਯੂਕਰੇਨ ਨੇ ਵੀਰਵਾਰ ਰੂਸ ਦੇ ਈਗਲਜ਼ ਸਟ੍ਰੈਟਜਿਕ ਬੰਬਰ ਬੇਸ ’ਤੇ ਡਰੋਨਾਂ ਨਾਲ ਹਮਲਾ ਕੀਤਾ। ਇਸ ਨਾਲ ਜ਼ਬਰਦਸਤ ਧਮਾਕਾ ਹੋਇਆ ਅਤੇ ਜੰਗ ਦੇ ਮੋਰਚਿਆਂ ਤੋਂ ਲਗਭਗ 700 ਕਿੱਲੋਮੀਟਰ ਤੱਕ ਅੱਗ ਨਜ਼ਰ ਆਈ। ਰੂਸੀ ਰੱਖਿਆ ਮੰਤਰਾਲੇ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਤੇ ਨਾਲ ਹੀ ਕਿਹਾ ਕਿ ਉਸ ਨੇ ਰੂਸੀ ਖੇਤਰ ਵਿੱਚ 132 ਡਰੋਨ ਸੁੱਟ ਲਏ। ਈਗਲਜ਼ ਬੇਸ ਵਿੱਚ ਸੋਵੀਅਤ ਵੇਲਿਆਂ ਦੇ ਬੰਬਾਰ ਪਏ ਹਨ। ਇਨ੍ਹਾਂ ਵਿੱਚ ਪ੍ਰਮਾਣੂ ਹਥਿਆਰ ਲਿਜਾਣ ਵਾਲਾ ਤੁਪੋਲੇਵ ਤੂ-160 ਵੀ ਹੈ, ਜਿਸ ਨੂੰ ਵ੍ਹਾਈਟ ਸਵੈਨ ਵੀ ਕਹਿੰਦੇ ਹਨ।
ਸਰਾਤੋਵ ਦੇ ਗਵਰਨਰ ਰੋਮਨ ਬੁਸਾਰਗਿਨ ਨੇ ਕਿਹਾ ਕਿ ਯੂਕਰੇਨੀ ਡਰੋਨ ਹਮਲੇ ਨਾਲ ਈਗਲਜ਼ ਸ਼ਹਿਰ ਵਿੱਚ ਏਅਰਫੀਲਡ ’ਚ ਅੱਗ ਲੱਗ ਗਈ ਤੇ ਨੇੜੇ ਰਹਿੰਦੇ ਲੋਕਾਂ ਨੂੰ ਉੱਥੋਂ ਹਟਾਉਣਾ ਪਿਆ। ਈਗਲਜ਼ ਬੇਸ ਇਲਾਕੇ ਦਾ ਮੁੱਖ ਏਅਰਫੀਲਡ ਦੱਸਿਆ ਜਾਂਦਾ ਹੈ। ਈਗਲ ਜ਼ਿਲ੍ਹਾ ਮੁਖੀ ਮੈਕਸਿਮ ਲਿਓਨੋਵ ਨੇ ਕਿਹਾ ਕਿ ਇਲਾਕੇ ਵਿੱਚ ਐਮਰਜੈਂਸੀ ਲਾ ਦਿੱਤੀ ਗਈ ਹੈ, ਪਰ ਉਸ ਨੇ ਹੋਰ ਵੇਰਵੇ ਨਹੀਂ ਦਿੱਤੇ। ਯੂਕਰੇਨ ਨੇ ਇਸ ਤੋਂ ਪਹਿਲਾਂ ਦਸੰਬਰ 2022 ਵਿੱਚ ਈਗਲ ਏਅਰ ਬੇਸ ’ਤੇ ਹਮਲਾ ਕੀਤਾ ਸੀ। ਇਸ ਸਾਲ ਜਨਵਰੀ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਕ ਤੇਲ ਡਿਪੂ ’ਤੇ ਹਮਲਾ ਕੀਤਾ, ਜਿਹੜਾ ਏਅਰ ਬੇਸ ਨੂੰ ਤੇਲ ਸਪਲਾਈ ਕਰਦਾ ਹੈ। ਉੱਥੇ ਲੱਗੀ ਅੱਗ ਨੂੰ ਬੁਝਾਉਣ ਵਿੱਚ ਪੰਜ ਦਿਨ ਲੱਗੇ ਸਨ। ਯੂਕਰੇਨ ਦੇ ਇੱਕ ਸੁਰੱਖਿਆ ਸੂਤਰ ਨੇ ਕਿਹਾ ਕਿ ਉਨ੍ਹਾ ਤਾਜ਼ਾ ਹਮਲਾ ਉਸ ਥਾਂ ਕੀਤਾ, ਜਿੱਥੇ ਗਾਈਡਿਡ ਬੰਬ ਤੇ ਮਿਜ਼ਾਈਲ ਛੱਡਣ ਵਾਲੀਆਂ ਸਹੂਲਤਾਂ ਹਨ।
ਇਸੇ ਦੌਰਾਨ ਯੂਕਰੇਨ ਨੇ ਰੂਸ ਦੇ ਸਮਾਰਾ ਖੇਤਰ ਦੇ ਸਿਜ਼ਰਾਨ ਵਿੱਚ ਇੱਕ ਤੇਲ ਰਿਫਾਇਨਰੀ ’ਤੇ ਵੀ ਹਮਲਾ ਕੀਤਾ ਹੈ।