ਬਰੈਂਪਟਨ ’ਚ ਦੋ ਪੰਜਾਬੀ ਫਰਜ਼ੀਵਾੜੇ ’ਚ ਗਿ੍ਰਫਤਾਰ

0
26

ਵੈਨਕੂਵਰ : ਪੀਲ ਪੁਲਸ ਦੇ ਤਕਨੀਕੀ ਵਿਸ਼ੇਸ਼ ਜਾਂਚ ਦਲ ਨੇ ਬਰੈਂਪਟਨ ਰਹਿੰਦੇ ਦੋ ਪੰਜਾਬੀਆਂ ਨੂੰ ਗਿ੍ਰਫਤਾਰ ਕੀਤਾ ਹੈ, ਜਿਹੜੇ ਚੋਰੀ ਕੀਤੇ ਟਰੱਕਾਂ ਦੇ ਵਹੀਕਲ ਪਛਾਣ ਨੰਬਰ (ਵਿਨ) ਨੰਬਰ ਬਦਲਣ ਤੋਂ ਬਾਅਦ ਉਨ੍ਹਾਂ ਨੂੰ ਜਾਲ੍ਹੀ ਕਾਗਜ਼ਾਤ ਨਾਲ ਨਵੀਂ ਰਜਿਸਟਰੇਸ਼ਨ ਰਾਹੀਂ ਅਗਾਂਹ ਗਾਹਕਾਂ ਨੂੰ ਵੇਚਦੇ ਸਨ। ਦੋਹਾਂ ਮੁਲਜ਼ਮਾਂ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਵਾਲੀਆ (50) ਅਤੇ ਨਰਿੰਦਰ ਛੋਕਰ (43) ਵਜੋਂ ਹੋਈ ਹੈ।
ਨਰਿੰਦਰ ਛੋਕਰ ਪਹਿਲਾਂ ਹੀ ਅਜਿਹੇ ਇਕ ਅਪਰਾਧਕ ਮਾਮਲੇ ਦੀ ਜ਼ਮਾਨਤ ਤੋਂ ਭਗੌੜਾ ਸੀ। ਪੁਲਸ ਨੇ ਚੋਰੀ ਕੀਤੇ ਸਾਮਾਨ ਦੀ ਕੀਮਤ ਸਾਢੇ 14 ਲੱਖ ਡਾਲਰ (ਕਰੀਬ 9 ਕਰੋੜ ਰੁਪਏ) ਆਂਕੀ ਹੈ।
ਪੁਲਸ ਮੁਤਾਬਕ ਪਤਾ ਲੱਗਾ ਸੀ ਕਿ ਬਰੈਂਪਟਨ ਦੇ ਡੈਰੀ ਰੋਡ ਪੂਰਬ ਅਤੇ ਬੈਕਟ ਡਰਾਈਵ ਸਥਿਤ ਟਰੱਕ ਰਿਪੇਅਰ ਵਰਕਸ਼ਾਪ ਵਿੱਚ ਚੋਰੀਸ਼ੁਦਾ ਟਰੱਕਾਂ ਦੇ ਵਿਨ ਨੰਬਰਾਂ ਦੀ ਭੰਨ-ਤੋੜ ਰਾਹੀਂ ਪਛਾਣ ਬਦਲ ਕੇ ਵੇਚ ਦਿੱਤਾ ਜਾਂਦਾ ਹੈ। ਅਦਾਲਤ ਤੋਂ ਤਲਾਸ਼ੀ ਵਰੰਟ ਲੈ ਕੇ ਛਾਪਾ ਮਾਰਿਆ ਤਾਂ ਦੋਵੇਂ ਮੁਲਜ਼ਮ ਵਿਨ ਨੰਬਰ ਬਦਲਣ ਦੇ ਕੰਮ ਵਿੱਚ ਲੱਗੇ ਹੋਏ ਮੌਕੇ ’ਤੇ ਫੜੇ ਗਏ। ਪੁਲਸ ਨੇ ਉੱਥੋਂ 17 ਟਰੱਕ, ਕਈ ਟਰਾਲੇ ਤੇ ਲੱਦੇ ਹੋਏ ਸਾਮਾਨ ਸਮੇਤ ਚੋਰੀ ਕੀਤੇ ਦੋ ਟਰੱਕ ਵੀ ਬਰਾਮਦ ਕੀਤੇ, ਜਿਨ੍ਹਾਂ ’ਚ ਲੱਦੇ ਖਾਣ ਵਾਲੇ ਸਾਮਾਨ ਨੂੰ ਖਰਾਬੀ ਤੋਂ ਬਚਾਉਣ ਲਈ ਤੁਰੰਤ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪ ਦਿੱਤਾ ਗਿਆ।