ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਅਤੇ ਸਰਮਾਏਦਾਰ ਸਨਅਤੀ ਘਰਾਣਿਆਂ ਪੱਖੀ ਰਵੱਈਏ ਦੇ ਵਿਰੁੱਧ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ 35000 ਰੁਪਏ ਮਹੀਨਾ ਨਿਰਧਾਰਤ ਕਰਨ ਦੀ ਜ਼ੋਰਦਾਰ ਮੰਗ ਨੂੰ ਲੈ ਕੇ 3 ਅਪ੍ਰੈਲ ਨੂੰ ਮੁਹਾਲੀ ਵਿਖੇ ਲੇਬਰ ਭਵਨ ਸੈਕਟਰ 64 ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਏਟਕ ਆਗੂਆਂ ਨੇ ਏਟਕ ਨਾਲ ਸੰਬੰਧਤ ਜਥੇਬੰਦੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਤਿਆਰੀ ਅਤੇ ਸ਼ਮੂਲੀਅਤ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ, ਤਾਂ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 12 ਸਾਲਾਂ ਤੋਂ ਘੱਟੋਘੱਟ ਉਜਰਤਾਂ ਵਿੱਚ ਸੋਧ ਨਾ ਕੀਤੇ ਜਾਣ ਦੀ ਮੁਜਰਮਾਨਾ ਕੁਤਾਹੀ ਦੇ ਵਿਰੁੱਧ ਜ਼ਬਰਦਸਤ ਰੋਸ ਪ੍ਰਗਟ ਕੀਤਾ ਜਾ ਸਕੇ ਅਤੇ ਸਰਕਾਰ ਨੂੰ ਉਜਰਤਾਂ ਵਿੱਚ ਤੁਰੰਤ ਵਾਧਾ ਕਰਨ ਲਈ ਮਜਬੂਰ ਕੀਤਾ ਜਾ ਸਕੇ।
ਬਰਾੜ ਅਤੇ ਧਾਲੀਵਾਲ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਲੇਬਰ ਮੰਤਰੀ ਵੱਲੋਂ ਉਜਰਤਾਂ ਵਿੱਚ ਸੋਧ ਦੇ ਇੱਕ ਸੁਆਲ ਦਾ ਉਤਰ ਦਿੰਦਿਆਂ ਕਿਹਾ ਗਿਆ ਕਿ ਸਰਕਾਰ ਇਸੇ ਸਾਲ ਉਜਰਤਾਂ ਵਿੱਚ ਸੋਧ ਕਰੇਗੀ, ਜਿਸ ਦਾ ਸਪੱਸ਼ਟ ਭਾਵ ਹੈ ਕਿ ਸਰਕਾਰ ਅਜੇ ਵੀ ਇਸ ਸਾਲ ਦੇ ਅੰਤ ਤੱਕ ਇਸ ਮੁੱਦੇ ਨੂੰ ਲਟਕਾਉਣਾ ਚਾਹੁੰਦੀ ਹੈ।ਸੁਆਲ ਕਰਨ ਵਾਲੇ ਐੱਮ ਐੱਲ ਏ ਕੁਲਵੰਤ ਸਿੰਘ ਨੇ ਕੋਈ ਦਬਾਅ ਨਹੀਂ ਪਾਇਆ ਕਿ ਉਜਰਤਾਂ ਜਲਦੀ ਕਿਉ ਨਹੀਂ ਵਧਾਈਆਂ ਜਾ ਸਕਦੀਆਂ।ਸਪੱਸ਼ਟ ਹੀ ਹੈ ਕਿ ਉਹ ਵੀ ਝੂਠੀ ਹਮਦਰਦੀ ਜਿਤਾ ਕੇ ਮਜ਼ਦੂਰਾਂ ਨੂੰ ਖੁਸ਼ ਕਰਨਾ ਚਾਹੁੰਦੇ ਸਨ। ਏਟਕ ਆਗੂਆਂ ਦੱਸਿਆ ਕਿ 13 ਦਸੰਬਰ 2024 ਨੂੰ ਮਿਨੀਮਮ ਵੇਜਿਜ਼ ਅਡਵਾਇਜ਼ਰੀ ਬੋਰਡ ਦੀ ਮੀਟਿੰਗ ਵਿੱਚ ਮੰਤਰੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਬਿਨਾਂ ਦੇਰੀ ਵਾਧਾ ਕਰ ਦਿੱਤਾ ਜਾਵੇਗਾ, ਪਰ ਅੱਜ ਸਰਕਾਰ ਲੁਧਿਆਣਾ ਦੀ ਜ਼ਿਮਨੀ ਚੋਣ ਵਿੱਚ ਵੋਟਾਂ ਬਟੋਰਨ ਦੇ ਮਨਸ਼ੇ ਨਾਲ ਸਨਅਤਕਾਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਦਾ ਗਲਾ ਘੋਟ ਰਹੀ ਹੈ, ਪਰ ਮਜ਼ਦੂਰ ਵਰਗ ਮਹਿੰਗਾਈ ਦੀ ਚੱਕੀ ਵਿੱਚ ਪਿਸਣਾ ਹੋਰ ਬਹੁਤੀ ਦੇਰ ਬਰਦਾਸ਼ਤ ਨਹੀਂ ਕਰੇਗਾ, ਸਗੋਂ ਇਸ ਵਿਸ਼ਾਲ ਰੈਲੀ ਰਾਹੀਂ ਸਰਕਾਰ ਵੱਲੋਂ ਮਜ਼ਦੂਰਾਂ ਦੀ ਕੀਤੀ ਜਾ ਰਹੀ ਅਣਦੇਖੀ ਦਾ ਠੋਕਵਾਂ ਜਵਾਬ ਦੇਵੇਗਾ।