ਕੁਰੂਕਸ਼ੇਤਰ : ਇੱਥੇ ਕੇਸ਼ਵ ਥੀਮ ਪਾਰਕ ’ਚ ਚੱਲ ਰਹੇ 1008 ਕੁੰਡੀਯ ਸ਼ਿਵ ਸ਼ਕਤੀ ਮਹਾਯੱਗ ’ਚ ਸਨਿੱਚਰਵਾਰ ਸਵੇਰੇ ਹੰਗਾਮਾ ਹੋ ਗਿਆ ਤੇ ਗੋਲੀ ਵੀ ਚੱਲ ਗਈ, ਜਿਸ ਨਾਲ ਲਖਨਊ ਤੋਂ ਆਇਆ ਬ੍ਰਾਹਮਣ ਆਸ਼ੀਸ਼ ਤਿਵਾੜੀ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕਰਨਾ ਪਿਆ। ਇਸ ਘਟਨਾ ਤੋਂ ਬਾਅਦ ਯੱਗ ਵਿੱਚ ਆਏ ਬ੍ਰਾਹਮਣਾਂ ’ਚ ਰੋਸ ਫੈਲ ਗਿਆ ਤੇ ਉਨ੍ਹਾਂ ਪਾਰਕ ਦੇ ਬਾਹਰ ਸੜਕ ਜਾਮ ਕਰ ਦਿੱਤੀ। ਪੁਲਸ ਨੇ ਪਹੁੰਚ ਕੇ ਜਾਮ ਖੁਲ੍ਹਵਾਇਆ, ਪਰ ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਯੱਗਸ਼ਾਲਾ ਤੇ ਉਸ ਦਾ ਮੁੱਖ ਦਵਾਰ ਭੰਨ ਦਿੱਤਾ। ਉਨ੍ਹਾਂ ਬੈਨਰ ਤੇ ਹੋਰਡਿੰਗ ਵੀ ਪਾੜ ਦਿੱਤੇ। ਮਹਾਯੱਗ ਵਿੱਚ ਹਿੱਸਾ ਲੈਣ ਲਈ ਵੱਖ-ਵੱਖ ਰਾਜਾਂ ਤੋਂ ਪਹੁੰਚੇ ਬ੍ਰਾਹਮਣਾਂ ਨੇ ਕਿਹਾ ਕਿ ਉਨ੍ਹਾ ਘਟੀਆ ਕੁਆਲਿਟੀ ਦਾ ਭੋਜਨ ਛਕਾਉਣ ’ਤੇ ਇਤਰਾਜ਼ ਕੀਤਾ ਤਾਂ ਜਥੇਬੰਦਕ ਖਿਝ ਗਏ। ਜਥੇਬੰਦਕ ਦੇ ਗੰਨਮੈਨ ਨੇ ਗੋਲੀ ਚਲਾ ਦਿੱਤੀ।