ਬਰਨਾਲਾ (ਰਾਜਿੰਦਰ ਬਰਾੜ)
ਬਾਬਾ ਅਰਜਨ ਸਿੰਘ ਭਦੌੜ ਦੇ ਨਾਂਅ ’ਤੇ ਬਣੇ ਭਵਨ ਫਰੀਦ ਨਗਰ, ਬਰਨਾਲਾ ਵਿਖੇ ਸੀ ਪੀ ਆਈ ਵੱਲੋਂ ਉਹਨਾ ਦੀ ਬਰਸੀ ਮਨਾਈ ਗਈ, ਜਿਸ ਦੀ ਪ੍ਰਧਾਨਗੀ ਉਜਾਗਰ ਸਿੰਘ ਬੀਹਲਾ ਤੇ ਬਿੱਕਰ ਸਿੰਘ ਨੇ ਕੀਤੀ। ਸਟੇਜ ਦੀ ਕਾਰਵਾਈ ਖੁਸ਼ੀਆ ਸਿੰਘ ਜ਼ਿਲ੍ਹਾ ਸਕੱਤਰ ਸੀ ਪੀ ਆਈ ਬਰਨਾਲਾ ਨੇ ਕੀਤੀ।ਪੰਜਾਬ ਏਟਕ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਬਾ ਅਰਜਨ ਸਿੰਘ ਉੱਚ ਕੋਟੀ ਦੇ ਮੁਜ਼ਾਰਾ ਲਹਿਰ ਦੇ ਆਗੂ ਸਨ। 1952 ਦੀ ਵਿਧਾਨ ਸਭਾ ਪੈਪਸੂ ਸਰਕਾਰ ਵਿਚ 3 ਵਿਧਾਇਕ ਸੀ ਪੀ ਆਈ ਦੇ ਬਣੇ ਸਨ। ਉਨ੍ਹਾ ਗਿਆਨ ਸਿੰਘ ਰਾੜੇਵਾਲਾ ਨੂੰ ਇਸ ਸ਼ਰਤ ’ਤੇ ਹਮਾਇਤ ਕੀਤੀ ਕਿ ਖੇਤੀ ਕਰਦੇ ਕਿਸਾਨ ਤੇ ਮਜ਼ਦੂਰ ਦੇ ਹੱਕ ਵਿੱਚ ਕਾਨੂੰਨ ਬਣਾ ਕੇ ਉਨ੍ਹਾਂ ਤੋਂ ਥੋੜ੍ਹਾ ਜਿਹਾ ਮੁਆਵਜ਼ਾ ਲੈ ਕੇ 17 ਲੱਖ ਏਕੜ ਜ਼ਮੀਨਾਂ ਦੇ ਮਾਲਕ ਬਣਾਇਆ ਸੀ, ਪਰ ਅੱਜ ਦੇ ਐੱਮ ਐੱਲ ਏ ਵਾਂਗੂ ਵਿਕਦੇ ਨਹੀਂ ਸਨ। ਉਨ੍ਹਾ ਕਿਹਾ ਕਿ ਜੋ ਭਦੌੜ ਦੇ ਲੋਕਾਂ ਨੂੰ ਉਨ੍ਹਾਂ ਜ਼ਮੀਨ ਦੇ ਮਾਲਕ ਬਣਾਇਆ, ਉਨ੍ਹਾਂ ਨੂੰ ਇਹਨਾਂ ਦੀਆਂ ਬਰਸੀਆਂ ਮਨਾਉਣੀਆਂ ਚਾਹੀਦੀਆਂ ਹਨ। ਉਹਨਾ ਮਾਲਵਾ ਦੇ 784 ਪਿੰਡਾਂ ਵਿਚ ਜ਼ਮੀਨਾਂ ਦੀ ਵੰਡ ਕਰਾਈ। ਉਨ੍ਹਾ ਕਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਪੰਜਾਬ ਦੇ ਖ਼ਜ਼ਾਨੇ ਨੂੰ ਦੋਹੀਂ ਹੱਥੀਂ ਲੁੱਟਿਆ ਜਾ ਰਿਹਾ ਹੈ। ਟਰੱਕ ਯੂਨੀਅਨ ਦੇ ਪ੍ਰਧਾਨ ਬਣਾਉਣ ’ਤੇ ਲੱਖਾਂ ਰੁਪਏ ਦੇ ਸੌਦੇ ਲਾਏ ਜਾ ਰਹੇ ਹਨ।
ਸੀ ਪੀ ਆਈ ਦੇ ਸੂਬਾਈ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੋਦੀ ਸਰਕਾਰ ਤੋਂ ਵੱਧ ਕਿਸਾਨਾਂ ’ਤੇ ਜਬਰ ਕਰਕੇ ਉਨ੍ਹਾਂ ਦੇ ਘੋਲ ਦਾ ਨੁਕਸਾਨ ਕੀਤਾ ਹੈ। ਪੰਜਾਬ ਦੇ ਲੋਕ ਇਸ ਦਾ ਮੂੰਹ-ਤੋੜ ਜਵਾਬ ਦੇਣਗੇ। ਪੰਜਾਬ ਕਿਸਾਨ ਸਭਾ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਾਂਭਰ ਨੇ ਵੀ ਸੰਬੋਧਨ ਕੀਤਾ। ਕੁਲਵੰਤ ਸਿੰਘ ਪ੍ਰਧਾਨ ਬਾਬਾ ਚੰਦ ਸਿੰਘ ਦੇ ਭਤੀਜੇ ਨੇ ਵੀ ਕਿਸਾਨਾਂ ਦੀ ਵਿਗੜ ਰਹੀ ਹਾਲਤ ’ਤੇ ਚਾਨਣਾ ਪਾਇਆ। ਲਾਭ ਸਿੰਘ ਆਕਲੀਆ ਨੇ ਕਿਹਾ ਕਿ ਅੱਜ ਇਕੱਠੇ ਹੋ ਕੇ ਲੜਨ ਦੀ ਲੋੜ ਹੈ। ਮੋਦੀ ਵੱਲੋਂ ਲੋਕਾਂ ’ਤੇ ਵੱਡਾ ਹਮਲਾ ਕੀਤਾ ਜਾ ਰਿਹਾ ਹੈ। ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਮਾਸਟਰ ਬਿੱਕਰ ਸਿੰਘ ਨੇ ਕਿਹਾ ਕਿ ਬਾਬਾ ਅਰਜਨ ਸਿੰਘ ਭਦੌੜ ਦੀ ਪਾਰਟੀ ਸੀ ਪੀ ਆਈ ਦੇਸ਼ ਦੀਆਂ ਖੱਬੀਆਂ ਪਾਰਟੀਆਂ ਦੀ ਇੱਕ ਵੱਡੀ ਪਾਰਟੀ ਹੈ। ਅੱਜ ਲੋੜ ਹੈ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦੀ। ਮੋਦੀ ਦੇ ਵੱਡੇ ਹਮਲੇ ਹਨ। ਖੱਬੀਆਂ ਪਾਰਟੀਆਂ ਵੱਲੋਂ 2025 ਵਿਚ ਸੌ ਸਾਲਾ ਸ਼ਤਾਬਦੀ ਵਰ੍ਹਾ ਮਨਾਇਆ ਜਾ ਰਿਹਾ ਹੈ, ਇਸ ਨੂੰ ਸਾਰਿਆਂ ਨੂੰ ਰਲ ਕੇ ਮਨਾਉਣਾ ਚਾਹੀਦਾ ਹੈ। ਭੋਲਾ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਅੱਜ ਪੰਜਾਬ ਦੀ ਹਾਲਤ ਬਹੁਤ ਵਿਗੜ ਚੁੱਕੀ ਹੈ। ਪਿੰਡਾਂ ਵਿਚ ਜੋ ਆਪ ਦੀਆਂ ਪੰਚਾਇਤਾਂ ਹਨ, ਉਹ ਨਰੇਗਾ ਦੇ ਕੰਮ ਵਿਚ ਦਖ਼ਲ ਦੇ ਕੇ ਨਰੇਗਾ ਮਜ਼ਦੂਰਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੀਆਂ ਹਨ। ਸਰਕਾਰ ਦਾ ਕੋਈ ਧਿਆਨ ਨਹੀਂ। ਸੋਹਣ ਮਾਝੀ, ਰੁਮੇਸ਼ ਕੁਮਾਰ ਹਮਦਰਦ, ਨਰੈਣ ਸਿੰਘ ਭਦੌੜ, ਮੁਜ਼ਾਰਾ ਲਹਿਰ ਦੇ ਆਗੂਆਂ ਦੇ ਪੋਤੇ ਵੀ ਬਰਸੀ ਸਮਾਗਮ ਵਿਚ ਸ਼ਾਮਲ ਹੋਏ। ਹਾਕਮ ਸਿੰਘ ਭੁੱਲਰ ਨੇ ਆਖਿਆ ਕਿ ਜੋ ਕੁਰਬਾਨੀ ਬਾਬਾ ਅਰਜਨ ਸਿੰਘ, ਚੰਦ ਸਿੰਘ ਮਾਨ, ਨਰੈਣ ਸਿੰਘ ਤੇ ਹਰਨਾਮ ਸਿੰਘ ਭਦੌੜ ਨੇ ਭਦੌੜ ਦੇ ਲੋਕਾਂ ਲਈ ਕੀਤੀ ਤੇ ਜ਼ਮੀਨਾਂ ਦੇ ਮਾਲਕ ਬਣਾਇਆ, ਉਹ ਅੱਜ ਵੱਡੀਆਂ ਪਾਰਟੀਆਂ ਵਿਚ ਸ਼ਾਮਲ ਹੋ ਗਏ ਹਨ, ਉਹਨਾਂ ਨੂੰ ਆਪਣਾ ਪਿਛੋਕਣ ਭੁੱਲਣਾ ਨਹੀਂ ਚਾਹੀਦਾ। ਇਸ ਤੋਂ ਇਲਾਵਾ ਸੁਖਜੰਟ ਸਿੰਘ ਤਹਿਸੀਲ ਸਕੱਤਰ ਬਰਨਾਲਾ, ਜਗਰਾਜ ਸਿੰਘ ਰਾਮਾ ਤਹਿਸੀਲ ਸਕੱਤਰ ਤਪਾ, ਮੋਹਣ ਸਿੰਘ ਕ੍ਰਾਂਤੀਕਾਰੀ ਮੀਤ ਪ੍ਰਧਾਨ ਬਰਨਾਲਾ, ਰਣਜੀਤ ਕੌਰ ਸਕੱਤਰ ਪੰਜਾਬ ਇਸਤਰੀ ਸਭਾ ਬਰਨਾਲਾ ਨੇ ਵੀ ਸੰਬੋਧਨ ਕੀਤਾ।